ਮਾਲਵਾ ਬੱਸ ਅਪਰੇਟਰ ਐਸੋਸੀਏਸ਼ਨ ਪੰਜਾਬ ਨੇ ਕੀਤਾ ਧੰਨਵਾਦੀ ਸਮਾਗਮ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਕੀਤਾ ਸਨਮਾਨਿਤ
ਬਠਿੰਡਾ 8 ਨਵੰਬਰ (ਕੁਲਬੀਰ ਬੀਰਾ): ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਬੰਦ ਹੋਏ ਵਪਾਰ ਦੇ ਚੱਲਦੇ ਵਪਾਰੀਆਂ ਨੂੰ ਰਾਹਤ ਦੇਣ ਵਾਲੇ ਫੈਸਲੇ ਲਾਗੂ ਕੀਤੇ ਜਾ ਰਹੇ ਹਾਂ ਜਿਸ ਵਿੱਚ ਸੂਬੇ ਦੇ ਸਮੂਹ ਬੱਸ ਅਪਰੇਟਰਾਂ ਨੂੰ 31 ਦਸੰਬਰ 2020 ਤੱਕ ਸਾਰੇ ਟੈਕਸ ਮੁਆਫ ਕੀਤੇ ਗਏ ਹਾਂ ਜਿਸ ਦੇ ਚੱਲਦੇ ਸਮੂਹ ਬੱਸ ਅਪਰੇਟਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸੇ ਤਹਿਤ ਅੱਜ ਬਠਿੰਡਾ ਵਿਖੇ ਮਾਲਵਾ ਬੱਸ ਅਪਰੇਟਰ ਐਸੋਸੀਏਸ਼ਨ ਪੰਜਾਬ ਵੱਲੋਂ ਇਕ ਧੰਨਵਾਦੀ ਸਮਾਗਮ ਰੱਖਿਆ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸ਼ਿਰਕਤ ਕੀਤੀ। ਐਸੋਸੀਏਸ਼ਨ ਦੇ ਆਗੂ ਬਲਤੇਜ ਸਿੰਘ ਵਾਂਦਰ, ਹਰਵਿੰਦਰ ਸਿੰਘ ਹੈਪੀ, ਪਿਰਥੀਪਾਲ ਸਿੰਘ ਜਲਾਲ ਆਦਿ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਤਬਾਹ ਹੋਏ ਟਰਾਂਸਪੋਰਟ ਰੁਜ਼ਗਾਰ ਨੂੰ ਪੰਜਾਬ ਸਰਕਾਰ ਨੇ ਇੱਕ ਸਹਾਰਾ ਦਿੱਤਾ ਹੈ ਜਿਸ ਨਾਲ ਉਹ ਆਪਣਾ ਵਪਾਰ ਦੁਬਾਰਾ ਚਲਾ ਸਕਣਗੇ। ਇਸ ਮੌਕੇ ਬੋਲਦਿਆਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਪੰਜਾਬੀਆਂ ਦੇ ਭਲੇ ਲਈ ਠੋਸ ਕਦਮ ਚੁੱਕਦੀ ਹੈ ਅਤੇ ਚੁੱਕਦੀ ਰਹੇਗੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹਰ ਵਰਗ ਨੂੰ ਬਣਦੀਆਂ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਪੰਜਾਬ ਦੇ ਵਿਕਾਸ ਲਈ ਹਰ ਰੋਜ਼ ਨਵੇਂ ਫ਼ੈਸਲੇ ਲਏ ਜਾ ਰਹੇ ਹਨ। ਇਸ ਮੌਕੇ ਐਸੋਸੀਏਸ਼ਨ ਪ੍ਰਬੰਧਕਾਂ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਮੋਮੈਂਟੋ ਦੇ ਕੇ ਵੀ ਸਨਮਾਨਿਤ ਕੀਤਾ ਗਿਆ।