ਸਰਕਾਰੀ ਐਲੀਮੈਂਟਰੀ ਸਕੂਲ ਪੂਹਲਾ ਦਾ ਨਾਂ ਬਦਲ ਕੇ ਸ਼ਹੀਦ ਹਜ਼ੂਰਾ ਸਿੰਘ ਬਾਬੇਕਾ ਦੇ ਨਾਂ ‘ਤੇ ਰੱਖਿਆ: ਵਿਜੈ ਇੰਦਰ ਸਿੰਗਲਾ
ਸਕੂਲ ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕੇਸ ਮਿਲਣ ਉਪਰੰਤ ਲਿਆ ਫੈਸਲਾ
ਬਠਿੰਡਾ, 6 ਨਵੰਬਰ (ਕੁਲਬੀਰ ਬੀਰਾ ): ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਸ਼ਹੀਦ ਹਜ਼ੂਰਾ ਸਿੰਘ ਬਾਬੇਕਾ ਦੀ ਸੂਰਬੀਰਤਾ ਦੇ ਸਤਿਕਾਰ ਵਜੋਂ ਜ਼ਿਲ•ੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਪੂਹਲਾ ਦਾ ਨਾਂ ਉਹਨਾਂ ਦੇ ਨਾਂ ‘ਤੇ ਰੱਖਣ ਦਾ ਫੈਸਲਾ ਲਿਆ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਇਸ ਸਕੂਲ ਦਾ ਨਾਂ ਸ਼ਹੀਦ ਹਜ਼ੂਰਾ ਸਿੰਘ ਬਾਬੇਕਾ ਸਰਕਾਰੀ ਐਲੀਮੈਂਟਰੀ ਸਕੂਲ ਪੂਹਲਾ ਹੋਵੇਗਾ।
ਸ੍ਰੀ ਸਿੰਗਲਾ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਕੂਲ ਸਿੱਖਿਆ ਵਿਭਾਗ ਨੇ ਢੁੱਕਵੀਂ ਪ੍ਰਕਿਰਿਆ ਰਾਹੀਂ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਸਮੇਤ ਵੱਖ-ਵੱਖ ਵਿਭਾਗਾਂ ਤੋਂ ਰਿਪਰੋਟ ਮਿਲਣ ਉਪਰੰਤ ਸਕੂਲ ਦਾ ਨਾਂ ਬਦਲਣ ਦਾ ਫੈਸਲਾ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਸ਼ਹੀਦ ਹਜ਼ੂਰਾ ਸਿੰਘ ਨੇ ਬਰਮਾ ਯੁੱਧ ਦੌਰਾਨ ਆਪਣੀ ਕੁਰਬਾਨੀ ਦਿੱਤੀ ਅਤੇ ਉਨ•ਾਂ ਨੂੰ ‘ਦਿ ਬਰਮਾ ਸਟਾਰ’ ਨਾਲ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਾਲ 2019 ਵਿੱਚ ਸ਼ਹੀਦ ਹਜ਼ੂਰਾ ਸਿੰਘ ਬਾਬੇਕਾ ਦੇ ਭਤੀਜੇ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਚਾਚੇ ਦੀ ਬਹਾਦਰੀ ਅਤੇ ਦੇਸ਼ ਪ੍ਰਤੀ ਬੇਮਿਸਾਲ ਸੇਵਾਵਾਂ ਦੇ ਸਨਮਾਨ ਵਜੋਂ ਪੂਹਲਾ ਪਿੰਡ ਦੇ ਸਕੂਲ ਦਾ ਨਾਂ ਬਦਲ ਕੇ ਸ਼ਹੀਦ ਹਜ਼ੂਰਾ ਸਿੰਘ ਦੇ ਨਾਂ ‘ਤੇ ਰੱਖਣ ਦੀ ਅਪੀਲ ਕੀਤੀ ਗਈ ਸੀ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਹਮੇਸ਼ਾਂ ਮਹਾਨ ਇਨਕਲਾਬੀਆਂ ਦੀ ਰਿਣੀ ਰਹੇਗੀ, ਜਿਨ•ਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰੀਆਂ। ਉਨ•ਾਂ ਅੱਗੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਦੇਣ ਤੋਂ ਇਲਾਵਾ, ਸਕੂਲਾਂ ਦਾ ਨਾਂ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ, ਜਿਨ•ਾਂ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ, ਦੇ ਨਾਂ ‘ਤੇ ਰੱਖਣਾ ਵੀ ਮੁੱਖ ਤਰਜੀਹ ਹੈ