ਵਿਧਾਇਕ ਚੀਮਾ , ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਸਬੰਧੀ ਤਿਆਰੀਆਂ ਦਾ ਜਾਇਜ਼ਾ
ਸੁਲਤਾਨਪੁਰ ਲੋਧੀ 6 ਨਵੰਬਰ( ਵਿਸ਼ਵ ਵਾਰਤਾ )-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੀ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਵਿਧਾਇਕ ਸੁਲਤਾਨਪੁਰ ਲੋਧੀ ਸ੍ਰੀ ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪੱਲ ਅਤੇ ਐਸ.ਐਸ.ਪੀ.ਜਸਪ੍ਰੀਤ ਸਿੰਘ ਵਲੋਂ ਇਸ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਵਿਧਾਇਕ ਚੀਮਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਨਤਮਸਤਕ ਹੋ ਕੇ ਅਨੇਕਾਂ ਵਿਕਾਸ ਕਾਰਜਾਂ ਜਿਨਾਂ ਵਿੱਚ 9.83 ਕਰੋੜ ਰੁਪਏ ਦੀ ਲਾਗਤ ਵਾਲਾ ਪੁਲ ਸ਼ਾਮਿਲ ਹੈ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਪਲ ਨੂੰ ਇਕ ਯਾਦਗਾਰ ਪਲ ਬਣਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪੱਲ ਵਲੋਂ ਇਸ ਮੌਕੇ ਸਵਾਗਤੀ, ਪਾਰਕਿੰਗ, ਪੰਡਾਲ, ਸਾਫ਼ ਸਫ਼ਾਈ , ਲੰਗਰ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਲਈ ਵੱਖ-ਵੱਖ ਕਮੇਟੀਆਂ ਬਣਾਉਣ ਦੇ ਆਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮਿੰਨੀ ਪ੍ਰਬੰਧਕੀ ਕੰਪਲੈਕਸ ਦਾ ਵੀ ਨੀਂਹ ਪੱਥਰ ਰੱਖਿਆ ਜਾਵੇਗਾ।
ਐਸ.ਐਸ.ਪੀ. ਸ੍ਰੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੌਕੇ 200 ਤੋਂ ਵੱਧ ਸੀ.ਸੀ.ਟੀ.ਵੀ.ਕੈਮਰੇ ਲਗਾਏ ਜਾਣਗੇ ਅਤੇ ਜਿਨਾਂ ਦਾ ਇਕ ਕੇਂਦਰੀ ਕੰਟਰੋਲ ਰੂਮ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ‘ਤੇ ਬਾਜ਼ ਅੱਖ ਰੱਖਣ ਲਈ ਵਿਸ਼ੇਸ਼ ਨਿਗਰਾਨੀ ਟਾਵਰ ਵੀ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪਵਿੱਤਰ ਬੇਈਂ ‘ਤੇ ਗੋਤਾ ਖੋਰਾਂ ਨੂੰ ਤਾਇਨਾਤ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਤਲਵੰਡੀ ਰੋਡ, ਆਰ.ਸੀ.ਐਫ. ਅਤੇ ਲੋਹੀਆਂ ਰੋਡ ‘ਤੇ ਵਾਹਨ ਲਈ ਵੱਖ-ਵੱਖ ਪਾਰਕਿੰਗਾਂ ਬਣਾਈਆਂ ਜਾਣਗੀਆਂ, ਜਿਥੋਂ ਸੰਗਤ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਲੈ ਕੇ ਜਾਣ ਲਈ 25 ਵਿਸ਼ੇਸ਼ ਬੱਸਾਂ ਚਲਾਈਆਂ ਜਾਣਗੀਆਂ।
ਮੀਟਿੰਗ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਗੁਰਪੁਰਬ ਮੌਕੇ ਸੰਗਤਾਂ ਦੀ ਸਹੂਲਤ ਲਈ ਇਕ ਐਮਰਜੈਂਸੀ ਕਾਲ ਸੈਂਟਰ ਅਤੇ ਵੱਖ-ਵੱਖ ਬੂਥ ਬਣਾਏ ਜਾਣਗੇ ਜਿਥੋਂ ਲੋਕ ਅਪਣੇ ਨਾਲ ਆਏ ਕਿਸੇ ਵਿਅਕਤੀ ਨੂੰ ਮਿਲਣ ਸਬੰਧੀ ਸੂਚਨਾ ਸਾਂਝੀ ਕਰ ਸਕਣਗੇ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕਪੂਰਥਲਾ ਨੂੰ ਇਸ ਸਬੰਧੀ ਵਿਆਪਕ ਯੋਜਨਾ ਤਿਆਰ ਕਰਨ ਲਈ ਕਿਹਾ ਗਿਆ।
ਡਿਪਟੀ ਕਮਿਸ਼ਨਰ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਕਿਹਾ ਕਿ ਸੰਗਤ ਦੀ ਸਹੂਲਤ ਲਈ ਵੱਖ ਵੱਖ ਮੁੱਖ ਸੜਕਾਂ ‘ਤੇ 350 ਆਰਜ਼ੀ ਪਖ਼ਾਨੇ ਅਤੇ ਵਾਟਰ ਏ.ਟੀ.ਐਮਜ਼ ਲਗਾਏ ਜਾਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਚੇਅਰਮੈਨ ਮਾਰਕਿਟ ਕਮੇਟੀ ਸੁਲਤਾਨਪੁਰ ਲੋਧੀ ਪ੍ਰਵਿੰਦਰ ਸਿੰਘ, ਐਸ.ਪੀ. ਮਨਦੀਪ ਸਿੰਘ, ਉਪ ਮੰਡਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਡਾ.ਚਾਰੂਮਿਤਾ, ਡੀ.ਐਸ.ਪੀ. ਸਰਵਣ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਗੁਰਪ੍ਰਤਾਪ ਸਿੰਘ, ਐਸ.ਡੀ.ਓ. ਬਲਬੀਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸਨੇਹ ਲਤਾ, ਐਸ.ਐਮ.ਓ.ਡਾ.ਅਨਿਲ ਮਰਚੰਦਾ ਅਤੇ ਹੋਰ ਵੀ ਹਾਜ਼ਰ ਸਨ।