ਸਾਂਝੇ ਯਤਨਾਂ ਅਤੇ ਸੁਰੱਖਿਆ ਸਾਵਧਾਨੀਆਂ ਨੂੰ ਅਪਣਾਉਂਦੇ ਹੋਏ ਹੀ ਕੋਰੋਨਾ ਵਾਇਰਸ ਨੂੰ ਦਿੱਤੀ ਜਾ ਸਕਦੀ ਮਾਤ – ਘਨਸ਼ਿਆਮ ਥੋਰੀ
ਜਲੰਧਰ 06 ਨਵੰਬਰ 2020 (ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਅੱਜ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਸ(ਪਿਮਸ ) ਹਸਪਤਾਲ ਵਿਖੇ ਕੋਰੋਨਾ ਵਾਇਰਸ ਦੀ ਜਾਂਚ ਦੀ ਸ਼ੁਰੂਆਤ ਕੀਤੀ ਗਈ ਜਿਸ ਤੋਂ ਬਾਅਦ ਹੁਣ ਮਰੀਜ਼ਾਂ ਨੁੰ ਇਥੇ ਟੈਸਟਿੰਗ ਦੀ ਸਹੂਲਤ ਮਿਲ ਸਕੇਗੀ। ਟੈਸਟਿੰਗ ਸਹੂਲਤ ਦਾ ਉਦਘਾਟਨ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਜੰਗ ਸਾਂਝੇ ਯਤਨਾਂ ਅਤੇ ਸਰਕਾਰ ਵਲੋਂ ਜਾਰੀ ਸੁਰੱਖਿਆ ਸਾਵਧਾਨੀਆਂ ਜਿਵੇਂ ਹੱਥ ਧੋਣਾ, ਸਮਾਜਿਕ ਦੂਰੀ ਬਰਕਰਾਰ ਰੱਖਣਾ ਅਤੇ ਮਾਸਕ ਪਹਿਨਣਾ ਆਦਿ ਦਾ ਸਖ਼ਤੀ ਨਾਲ ਪਾਲਣ ਕਰਕੇ ਜਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਰਾ ਪ੍ਰਸ਼ਾਸਨ ਇਸ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਬਹਿਤਰੀਨ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ,ਜਿਸ ਤਹਿਤ ਜ਼ਿਲ੍ਹੇ ਵਿੱਚ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਪਿਮਸ ਹਸਪਤਾਲ ਦੇ ਰੈਜੀਡੈਂਟ ਡਾਇਰੈਕਟਰ ਨੇ ਦੱਸਿਆ ਕਿ ਪਿਮਸ ਹਸਪਤਾਲ ਵਲੋਂ ਆਰ.ਟੀ.-ਪੀ.ਸੀ.ਆਰ.ਦੀ ਸਹੂਲਤ ਸ਼ੁਰੂ ਕੀਤੀ ਗਈ ਹੈ ਅਤੇ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਟੈਸਟ ਦੀ ਫੀਸ 1600 ਰੁਪਏ ਪ੍ਰਤੀ ਟੈਸਟ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਲੈਬਾਰਟਰੀ ਵਿੱਚ ਜੋ ਮਸ਼ੀਨ ਟੈਸਟ ਲਈ ਲਗਾਈ ਗਈ ਹੈ, ਉਸ ਦੀ ਇਕ ਵਾਰ ਵਿੱਚ ਟੈਸਟਾਂ ਦੀ ਸਮਰੱਥਾ 96 ਹੈ। ਉਨ੍ਹਾਂ ਦੱਸਿਆ ਕਿ ਇਹ ਲੈਬ ਆਈ.ਸੀ.ਐਮ.ਆਰ. ਤੋਂ ਪ੍ਰਵਾਨਿਤ ਹੈ ਅਤੇ ਜਲਦ ਹੀ ਪਿਮਸ ਵਲੋਂ ਲੋਕਾਂ ਦੇ ਘਰਾਂ ਤੋਂ ਸੈਂਪਲ ਲੈਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਟੈਸਟ ਰਾਹੀਂ ਕੁਝ ਹੀ ਘੰਟਿਆਂ ਵਿੱਚ ਰਿਪੋਰਟ ਆ ਜਾਂਦੀ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ.ਰਾਜੀਵ ਅਰੋੜਾ, ਮਾਈਕਰੋਬਾਇਓਲੌਜੀ ਵਿਭਾਗ ਦੇ ਪ੍ਰਮੁੱਖ ਡਾ.ਕੈਲਾਸ਼ ਚੰਦ ਅਤੇ ਹੋਰ ਮੌਜੂਦ ਸਨ।























