ਲੰਬੇ ਸਮੇਂ ਤੋਂ ਬੰਦ ਪਏ ਸੇਵਾ ਕੇਂਦਰ ਨੂੰ ਸ਼ੁਰੂ ਕਰਨ ਦੀ ਕੀਤੀ ਮੰਗ
ਜ਼ੀਰਕਪੁਰ, 4 ਨਵੰਬਰ( ਸਤੀਸ਼ ਕੁਮਾਰ )-ਪਿੰਡ ਪੀਰਮੁਛੈਲਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਸੇਵਾ ਕੇਂਦਰ ਦੀ ਇਮਾਰਤ ਖੰਡਰ ਬਣਦੀ ਜਾ ਰਹੀ ਹੈ। ਇਸ ਸੰਬੰਧੀ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ, ਰਮੇਸ਼ ਗੋਇਲ, ਰਾਜੇਸ਼ ਖੰਨਾ, ਐਡਵੋਕੇਟ ਵਿਨੈ ਕੁਮਾਰ, ਰਵੀ ਸ਼ਰਮਾ, ਅਮਨ ਅਰੋੜਾ, ਵਿਮਲਾ ਰਾਣੀ, ਸੰਜੈ ਸਿਨਹਾ, ਗੁੰਜਨ ਸ਼ਰਮਾ, ਸੰਜੈ ਹਾਂਡੂ ਰਾਮਕੁਮਾਰ ਸ਼ਰਮਾ ਨੇ ਗੱਲਬਾਤ ਕਰਦੇ ਕਿਹਾ ਕਿ ਲੋਕਾਂ ਨੂੰ ਸਹੂਲਤਾਂ ਦੇਣ ਦੇ ਮਕਸਦ ਨਾਲ ਸਰਕਾਰ ਵਲੋਂ ਸੇਵਾ ਕੇਂਦਰ ਬਣਾਏ ਗਏ ਸਨ। ਇਸ ਸੇਵਾ ਕੇਂਦਰ ਤੋਂ ਆਲੇ ਦੁਆਲੇ ਦੇ ਖੇਤਰ ਦੇ ਲੋਕ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਲਈ ਲਾਹਾ ਲੈਂਦੇ ਸਨ। ਉਨ੍ਹਾਂ ਦੇ ਜ਼ਿਆਦਾਤਰ ਕੰਮ ਸੇਵਾ ਕੇਂਦਰਾਂ ਵਿਚ ਹੀ ਹੋ ਜਾਂਦੇ ਹਨ।ਪੀਰਮੁਛੈਲਾ ਨਿਵਾਸੀਆਂ ਨੂੰ ਇਨ੍ਹਾਂ ਸਹੂਲਤਾਂ ਦਾ ਫਾਇਦਾ ਪਿਛਲੇ ਤਕਰੀਬਨ ਡੇਢ ਸਾਲ ਤੋਂ ਨਹੀਂ ਮਿਲ ਰਿਹਾ ਕਿਉਂਕਿ ਇੱਥੇ ਬਣਾਏ ਗਏ ਸੇਵਾ ਕੇਂਦਰ ਨੂੰ ਤਾਲਾ ਲੱਗਿਆ ਪਿਆ ਹੈ। ਮੌਜੂਦਾ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਨੂੰ ਬੰਦ ਕਰਨ ਨਾਲ ਜਿੱਥੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ‘ਚ ਦਿੱਕਤ ਆ ਰਹੀ ਹੈ ਅਤੇ ਉਨ੍ਹਾਂ ਨੂੰ ਖੇਤਰ ਤੋਂ ਦੂਰ ਪਿੰਡ ਲੋਹਗੜ੍ਹ ਸਥਿਤ ਸੇਵਾ ਕੇਂਦਰ ਜਾਣਾ ਪੈਂਦਾ ਹੈ, ਉੱਥੇ ਹੀ ਲੱਖਾਂ ਰੁਪਏ ਖਰਚ ਕੇ ਬਣੀ ਇਮਾਰਤ ਵੀ ਖੰਡਰ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਵਿਧਾਵਾਂ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਨੇ ਸੇਵਾ ਕੇਂਦਰਾਂ ਨੂੰ ਬੰਦ ਕਰਕੇ ਲੋਕਾਂ ਨੂੰ ਸਹੂਲਤਾਂ ਤੋਂ ਅਤੇ ਇਥੇ ਕੰਮ ਕਰਦੇ ਨੌਜਵਾਨਾਂ ਨੌਕਰੀਆਂ ਤੋਂ ਵਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੰਦ ਪਏ ਸੇਵਾ ਕੇਂਦਰ ਨੂੰ ਜਲਦ ਤੋਂ ਜਲਦ ਮੁੜ ਤੋਂ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਲੋਕਾਂ ਨੂੰ ਛੋਟੇ ਛੋਟੇ ਕੰਮ ਕਰਵਾਉਣ ਖਾਤਿਰ ਦੂਰ ਦੁਰਾਡੇ ਨਾ ਭੱਜਣਾ ਪਵੇ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਲੋਕਾਂ ਦੀਆਂ ਸਹੂਲਤਾਂ ਦੇ ਮੱਦੇਨਜ਼ਰ ਇਸ ਸੇਵਾ ਕੇਂਦਰ ਨੂੰ ਜਲਦ ਦੋਬਾਰਾ ਸ਼ੁਰੂ ਨਹੀਂ ਕਰਦੀ ਤਾਂ ਜੁਆਇੰਟ ਐਕਸ਼ਨ ਕਮੇਟੀ ਇਸ ਸਬੰਧੀ ਰਣਨੀਤੀ ਤਿਆਰ ਕਰਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਲਈ ਨਿਰੋਲ ਰੂਪ ‘ਚ ਸਰਕਾਰ ਜ਼ਿਮੇਵਾਰ ਹੋਵੇਗੀ।