ਕੇਂਦਰ ਸਰਕਾਰ ਦੇ ਕਿਸਾਨ ਮਾਰੂ ਲੋਕ ਮਾਰੂ ਹੱਲੇ ਵਿਰੁੱਧ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਲਕੇ ਕੀਤੇ ਜਾ ਰਹੇ ਦੇਸ਼ਵਿਆਪੀ ਚੱਕਾ ਜਾਮ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 35 ਥਾਂਵਾਂ ਤੇ ਹੋਣਗੇ ਹਾਈਵੇਅ ਜਾਮ
ਚੰਡੀਗੜ੍ਹ 4 ਨਵੰਬਰ( ਵਿਸ਼ਵ ਵਾਰਤਾ )-ਕੇਂਦਰ ਸਰਕਾਰ ਵੱਲੋਂ ਬਦਲਾਖੋਰ ਕਾਰਵਾਈਆਂ ਰਾਹੀਂ ਮੜ੍ਹੇ ਜਾ ਰਹੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਭਲਕੇ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ 12 ਤੋਂ 4 ਵਜੇ ਤੱਕ ਕੀਤੇ ਜਾ ਰਹੇ ਦੇਸ਼ਵਿਆਪੀ ਹਾਈਵੇ ਜਾਮ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ 35 ਥਾਂਵਾਂ ‘ਤੇ ਭਾਰੀ ਗਿਣਤੀ ਨੌਜਵਾਨਾਂ ਤੇ ਔਰਤਾਂ ਦੇ ਵੱਡੇ ਇਕੱਠ ਕਰਕੇ ਹਾਈਵੇਅ ਜਾਮ ਕੀਤੇ ਜਾਣਗੇ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਕੀਤੇ ਸਾਂਝੇ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੋਸ਼ ਲਾਇਆ ਗਿਆ ਹੈ ਕਿ ਸਾਮਰਾਜੀ ਕਾਰਪੋਰੇਟਾਂ ਦੀ ਹੱਥਠੋਕਾ ਬਣ ਚੁੱਕੀ ਭਾਜਪਾ ਮੋਦੀ ਹਕੂਮਤ ਵੱਲੋਂ ਕਿਸਾਨਾਂ ਦੁਆਰਾ ਰੇਲਵੇ ਟ੍ਰੈਕ ਰੋਕਣ ਦਾ ਸਰਾਸਰ ਝੂਠਾ ਬਹਾਨਾ ਬਣਾ ਕੇ ਪੰਜਾਬ ਦੀਆਂ ਰੇਲਾਂ ਰੱਦ ਕਰਨ ਦਾ ਫੈਸਲਾ ਅਸਲ ਵਿੱਚ ਲਾਮਿਸਾਲ ਪਰ ਸ਼ਾਂਤਮਈ ਇਕੱਠਾਂ ਦੇ ਜੋਰ ਭਾਜਪਾ ਦੀਆਂ ਸਿਆਸੀ ਜੜਾਂ ਨੂੰ ਦਾਤੀ ਪਾਈ ਬੈਠੇ ਪੰਜਾਬ ਦੇ ਸੰਘਰਸ਼ਸ਼ੀਲ ਕਿਸਾਨਾਂ ਅਤੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਖੇਤ ਮਜ਼ਦੂਰਾਂ ਤੇ ਹੋਰ ਵਰਗਾਂ ਦੇ ਕਿਰਤੀ ਲੋਕਾਂ ਨੂੰ ਸਜ਼ਾ ਦੇਣ ਵਾਲੀ ਬੁਖਲਾਹਟ ਭਰੀ ਕਾਰਵਾਈ ਹੈ। ਜਿਸ ਦੇ ਨਤੀਜੇ ਵਜੋਂ ਪੰਜਾਬ ਤੇ ਜੰਮੂ ਕਸ਼ਮੀਰ ਦੀ ਖੇਤੀ ਸਮੇਤ ਸਾਰੀ ਆਰਥਿਕਤਾ ਲੜਖੜਾ ਰਹੀ ਹੈ।ਇਸੇ ਸੰਬੰਧੀ ਅੱਜ ਪੰਜਾਬ ਸਰਕਾਰ ਵੱਲੋਂ ਦੂਜੀ ਵਾਰ ਚੰਡੀਗੜ੍ਹ ਵਿਖੇ ਸੱਦੀ ਗਈ ਮੀਟਿੰਗ ਵਿੱਚ ਵੀ ਜਥੇਬੰਦੀ ਨੇ ਸਪਸ਼ਟ ਕੀਤਾ ਹੈ ਕਿ ਦੋ ਨਿਜੀ ਥਰਮਲਾਂ ਦੀਆਂ ਸਿਰਫ਼ ਅੰਦਰੂਨੀ ਨਿਜੀ ਸਪਲਾਈ ਲਾਈਨਾਂ ਤੋਂ ਇਲਾਵਾ ਕੋਈ ਰੇਲਵੇ ਟ੍ਰੈਕ ਨਹੀਂ ਰੋਕਿਆ ਹੋਇਆ। ਸਮੁੱਚੇ ਕਿਸਾਨ ਸੰਘਰਸ਼ ਦਾ ਚੋਟ ਨਿਸ਼ਾਨਾ ਤਾਨਾਸ਼ਾਹ ਮੋਦੀ ਹਕੂਮਤ ਦੇ ਬਰਾਬਰ ਹੀ ਉਸਦੇ ਚਹੇਤੇ ਦਿਓਕੱਦ ਕਾਰਪੋਰੇਟਾਂ ਦੇ ਕਾਰੋਬਾਰ ਵੀ ਹਨ। ਇਸਲਈ ਨਿੱਜੀ ਥਰਮਲਾਂ ਦਾ ਸਰਕਾਰੀਕਰਨ ਕੀਤੇ ਜਾਣ ਅਤੇ ਬਠਿੰਡਾ ਸਮੇਤ ਸਾਰੇ ਸਰਕਾਰੀ ਥਰਮਲ ਪੂਰੀ ਸਮਰੱਥਾ ਵਿੱਚ ਚਾਲੂ ਕੀਤੇ ਜਾਣ ਸਮੇਤ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਗੈਰ ਲੁਟੇਰੇ ਕਾਰਪੋਰੇਟ ਕਾਰੋਬਾਰਾਂ ਦੇ ਘਿਰਾਓ ਖ਼ਤਮ ਨਹੀਂ ਕੀਤੇ ਜਾ ਸਕਦੇ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਕੱਲ੍ਹ ਨੂੰ ਸਭ ਵਰਗਾਂ ਦੇ ਪੰਜਾਬਵਾਸੀਆਂ ਦੀ ਹਮਾਇਤ ਨਾਲ 35 ਹਾਈਵੇਅ ਜਾਮ ਵੀ ਲਾਮਿਸਾਲ ਹੋਣਗੇ ਅਤੇ 36 ਦਿਨਾਂ ਤੋਂ 65 ਥਾਂਈਂ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਵੀ ਬਾਕੀ ਥਾਂਵਾਂ ‘ਤੇ ਬਾਦਸਤੂਰ ਜਾਰੀ ਰਹਿਣਗੇ। ਉਹਨਾਂ ਵੱਲੋਂ ਪੰਜਾਬ ਦੇ ਸਮੂਹ ਕਿਰਤੀ ਵਰਗਾਂ ਸਮੇਤ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਇਸ ਹੱਕੀ ਸੰਘਰਸ਼ ਵਿੱਚ ਪਰਵਾਰਾਂ ਸਮੇਤ ਕੁੱਦਣ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਹੋਰ ਦੋਸ਼ ਲਾਇਆ ਹੈ ਕਿ ਭਾਰੀ ਕਰਜਿਆਂ ਹੇਠ ਦੱਬੇ ਕਿਸਾਨ ਕਿਸਾਨ ਮਜ਼ਦੂਰ ਨਵੇਂ ਆਰਥਿਕ ਹੱਲਿਆਂ ਕਾਰਨ ਹੋਰ ਵੀ ਵਧੇਰੇ ਮਾਨਸਿਕ ਤਣਾਵਾਂ ਦੇ ਸ਼ਿਕਾਰ ਹੋ ਕੇ ਧਰਨਿਆਂ ਵਿੱਚ ਵੀ ਅਚਨਚੇਤੀ ਮੌਤਾਂ ਦਾ ਸ਼ਿਕਾਰ ਲਗਾਤਾਰ ਬਣ ਰਹੇ ਰਹੇ ਹਨ। ਮੋਗਾ ਜ਼ਿਲ੍ਹੇ ਦੇ ਚੰਦਪੁਰਾਣਾ ਟੌਲ ਪਲਾਜਾ ਧਰਨੇ ਵਿੱਚ ਬੀਤੇ ਦਿਨ ਹੋਈ ਨੌਜਵਾਨ ਜਗਰੂਪ ਸਿੰਘ ਡੇਮਰੂ ਕਲਾਂ ਦੀ ਮੌਤ ਇਸਦੀ ਇੱਕ ਹੋਰ ਦੁੱਖਦਾਈ ਮਿਸਾਲ ਹੈ। ਇਸ ਨੌਜਵਾਨ ਦੇ ਵਾਰਸਾਂ ਨੂੰ ਵੀ ਸੰਗਰੂਰ ਮਾਨਸਾ ਦੀ ਤਰਜ ਤੇ ਮੁਆਵਜ਼ਾ ਦੇਣ ਦੀ ਮੰਗ ਕਿਸਾਨ ਆਗੂਆਂ ਵੱਲੋਂ ਕੀਤੀ ਗਈ ਹੈ।