ਮਾਮਲਾ ਸ਼ੱਕੀ ਹਾਲਤਾਂ ‘ਚ ਨੌਜਵਾਨ ਦੀ ਹੋਈ ਮੌਤ ਦਾ
ਕੋਟਕਪੂਰਾ ਪੁਲਸ ਨੇ ਮ੍ਰਿਤਕ ਦੇ ਦੋ ਦੋਸਤਾਂ ਖਿਲਾਫ ਕੀਤਾ ਮਾਮਲਾ ਦਰਜ, ਦੋਵੇਂ ਗ੍ਰਿਫਤਾਰ
ਕੋਟਕਪੂਰਾ 03 ਨਵੰਬਰ (ਨਰਿੰਦਰ ਬੈੜ੍ਹ)- ਕੋਟਕਪੂਰਾ ਦੇ ਇੱਕ ਨੌਜਵਾਨ ਦੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਹੋਈ ਮੌਤ ਦੇ ਸਬੰਧ ਵਿੱਚ ਥਾਣਾ ਸਿਟੀ ਪੁਲਸ ਕੋਟਕਪੂਰਾ ਨੇ ਮ੍ਰਿਤਕ ਦੇ ਦੋ ਦੋਸਤਾਂ ਖਿਲਾਫ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਮ੍ਰਿਤਕ ਅਕਾਸ਼ਪ੍ਰੀਤ ਦੇ ਪਿਤਾ ਗੁਰਦਰਸ਼ਨ ਸਿੰਘ ਵਾਸੀ ਹੀਰਾ ਸਿੰਘ ਨਗਰ ਕੋਟਕਪੂਰਾ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨ ਵਿੱਚ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਸਦੀ ਆਪਣੇ ਲੜਕੇ ਅਕਾਸ਼ਪ੍ਰੀਤ ਨਾਲ 01 ਨਵੰਬਰ ਨੂੰ ਸ਼ਾਮ 7:30 ਵਜੇ ਗੱਲ ਹੋਈ ਸੀ ਅਤੇ ਉਸ ਤੋਂ ਬਾਅਦ ਉਸਦੇ ਲੜਕੇ ਦਾ ਫੋਨ ਬੰਦ ਹੋ ਗਿਆ ਸੀ। ਉਸਨੇ ਦੱਸਿਆ ਕਿ 02 ਨਵੰਬਰ ਨੂੰ ਸਵੇਰੇ 7 ਵਜੇ ਸੰਨੀ ਸ਼ਰਮਾਂ ਅਤੇ ਜਗਮੀਤ ਸਿੰਘ ਦਾ ਫੋਨ ਆਇਆ ਕਿ ਤੁਹਾਡਾ ਲੜਕਾ ਬੇਹੋਸ਼ੀ ਦੀ ਹਾਲਤ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਦਾਖਲ ਹੈ। ਇਸ ਤੋਂ ਬਾਅਦ ਉਹ (ਗੁਰਦਰਸ਼ਨ ਸਿੰਘ) ਫਰੀਦਕੋਟ ਹਸਪਤਾਲ ਪਹੁੰਚਿਆ ਤਾਂ ਸੰਨੀ ਸ਼ਰਮਾਂ ਅਤੇ ਜਗਮੀਤ ਸਿੰਘ ਨੇ ਦੱਸਿਆ ਕਿ ਅਸੀਂ ਤਿੰਨ੍ਹਾਂ ਨੇ ਰਾਤੀ ਸ਼ਰਾਬ ਪੀਤੀ ਸੀ ਅਤੇ ਬਾਅਦ ਵਿੱਚ ਅਸੀਂ ਸਾਰੇ ਕਾਰ ਵਿੱਚ ਹੀ ਸੌਂ ਗਏ ਪ੍ਰੰਤੂ ਅਕਾਸ਼ਪ੍ਰੀਤ ਦੀ ਹਾਲਤ ਵਿਗੜ ਜਾਣ ‘ਤੇ ਅਸੀਂ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦਾਖਲ ਕਰਵਾ ਦਿੱਤਾ ਜਿੱਥੇ ਉਸਦੀ ਮੌਤ ਹੋ ਗਈ। ਗੁਰਦਰਸ਼ਨ ਸਿੰਘ ਨੇ ਬਿਆਨ ਵਿੱਚ ਦੱਸਿਆ ਕਿ ਉਸਨੂੰ ਸ਼ੱਕ ਹੈ ਕਿ ਸੰਨੀ ਸ਼ਰਮਾਂ ਅਤੇ ਜਗਮੀਤ ਸਿੰਘ ਨੇ ਉਸਦੇ ਲੜਕੇ ਨੂੰ ਸ਼ਰਾਬ ਪਿਆਈ ਅਤੇ ਬਾਅਦ ਵਿੱਚ ਕੋਈ ਜਹਿਰੀਲੀ ਚੀਜ਼ ਖਵਾ ਦਿੱਤੀ ਅਤੇ ਜਾਣ ਬੁਝ ਕੇ ਉਸਨੂੰ ਸਮੇਂ ਸਿਰ ਹਸਪਤਾਲ ਦਾਖਲ ਨਹੀਂ ਕਰਵਾਇਆ ਜਿਸ ਕਾਰਨ ਉਸਦੇ ਲੜਕੇ ਦੀ ਮੌਤ ਹੋ ਗਈ। ਇਸ ਸਬੰਧ ਵਿੱਚ ਥਾਣਾ ਸਿਟੀ ਦੇ ਐੱਸ.ਐੱਚ.ਓ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਮ੍ਰਿਤਕ ਲੜਕੇ ਦੇ ਪਿਤਾ ਗੁਰਦਰਸ਼ਨ ਸਿੰਘ ਦੇ ਬਿਆਨਾਂ ‘ਤੇ ਸੰਨੀ ਸ਼ਰਮਾਂ ਤੇ ਜਗਮੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਸਦੀ ਤਫਤੀਸ਼ ਸੱਤ ਪਾਲ ਸਿੰਘ ਸਬ ਇੰਸਪੈਕਟਰ ਵੱਲੋਂ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਤਫਤੀਸ਼ੀ ਅਧਿਕਾਰੀ ਸਬ ਇੰਸ. ਸੱਤ ਪਾਲ ਸਿੰਘ ਨਾ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਆਰੋਪੀਆਂ ਸੰਨੀ ਸ਼ਰਮਾਂ ਅਤੇ ਜਗਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇੰਨ੍ਹਾਂ ਨੂੰ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।