26 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਕੀਤਾ ਐਲਾਨ
ਬਠਿੰਡਾ; 31 ਅਕਤੂਬਰ- ( ਕੁਲਬੀਰ ਬੀਰਾ ): ਪੀ ਆਰ ਟੀ ਸੀ ਇੰਪਲਾਈਜ਼ ਯੂਨੀਅਨ ਆਜ਼ਾਦ ਵੱਲੋਂ ਅੱਜ ਸਥਾਨਕ ਬਸ ਅੱਡੇ ‘ਤੇ ਜੱਥੇਬੰਦੀ ਦਾ ਝੰਡਾ ਚੜ੍ਹਾਉਣ ਉਪਰੰਤ ਰੋਹ ਭਰਪੂਰ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਕਨਵੀਨਰ ਸਾਥੀ ਸਿਮਰਜੀਤ ਸਿੰਘ ਬਰਾੜ ਨੇ ਕਿਹਾ ਕਿ ਯੂਨੀਅਨ ਮੈਨੇਜਮੈਂਟ ਦੇ ਮੁਲਾਜਮ ਮਾਰੂ ਕਦਮਾਂ ਦਾ ਮੂੰਹ ਤੋੜ ਜਵਾਬ ਦੇਵੇਗੀ। ਉਨ੍ਹਾਂ ਐਲਾਨ ਕੀਤਾ ਕਿ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਰਮਚਾਰੀ ਸੰਗਠਨਾਂ ਵਲੋਂ ਦਿੱਤੇ ਗਏ 26 ਨਵੰਬਰ ਦੀ ਇਕ ਰੋਜਾ ਕੌਮੀ ਹੜਤਾਲ ਵਿੱਚ ਯੂਨੀਅਨ ਪੂਰੀ ਸ਼ਕਤੀ ਨਾਲ ਸ਼ਮੂਲੀਅਤ ਕਰੇਗੀ।
ਰੈਲੀ ਨੂੰ ਸੰਬੋਧਨ ਕਰਨ ਲਈ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਵਿੱਤ ਸਕੱਤਰ ਸਾਥੀ ਮਹੀਪਾਲ, ਜੇਪੀਐਮਓ ਆਗੂ ਸਾਥੀ ਕਿਸ਼ੋਰ ਚੰਦ ਗਾਜ਼, ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਦਰਸ਼ਨ ਸ਼ਰਮਾ, ਸੀਵਰੇਜ ਬੋਰਡ ਇੰਪਲਾਈਜ਼ ਯੂਨੀਅਨ ਦੇ ਸੀਨੀਅਰ ਆਗੂ ਸਾਥੀ ਮੱਖਣ ਸਿੰਘ ਖਣਗਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਾਰਾ ਸਿੰਘ ਨੰਦਗੜ੍ਹ ਕੋਟੜਾ, ਸੀਟੀਯੂ ਪੰਜਾਬ ਦੇ ਸਾਥੀ ਸਤਪਾਲ ਗੋਇਲ, ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਸਾਥੀ ਮਲਕੀਤ ਸਿੰਘ ਮਹਿਮਾ ਸਰਜਾ, ਮਿੱਠੂ ਸਿੰਘ ਘੁੱਦਾ, ਪ੍ਰਕਾਸ਼ ਸਿੰਘ ਨੰਦਗੜ੍ਹ, ਨਾਇਬ ਸਿੰਘ ਔਲਖ, ਅਮਰਜੀਤ ਸਿੰਘ ਹਨੀ, ਸੰਪੂਰਨ ਸਿੰਘ ਨੇ ਯੂਨੀਅਨ ਨੂੰ ਹਰ ਕਿਸਮ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ। ਇਸ ਉਪਰੰਤ ਕੇਂਦਰੀ ਅਤੇ ਸੂਬਾ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਅਤੇ ਫੁੱਟ ਪਾਊ ਸਾਜ਼ਿਸ਼ਾਂ ਵਿਰੁੱਧ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।
ਸਮੁੱਚੇ ਪ੍ਰੋਗਰਾਮ ਦੀ ਅਗਵਾਈ ਰਵਿੰਦਰ ਸਿੰਘ ਵੱਲੋਂ ਕੀਤੀ ਗਈ। ਰਮਨਦੀਪ ਸਿੰਘ ਬੁਢਲਾਡਾ ਅਤੇ ਬਲਜੀਤ ਸਿੰਘ ਲੁਧਿਆਣਾ ਵੀ ਹਾਜਰ ਸਨ।