ਰਿਲਾਇੰਸ ਪੈਟਰੋਲ ਪੰਪ ਬੁਢਲਾਡਾ ‘ਤੇ ਲਾਇਆ ਕਿਸਾਨ ਮੋਰਚਾ 28 ਵੇਂ ਦਿਨ ਵਿੱਚ ਦਾਖਲ
ਮੋਦੀ ਸਰਕਾਰ ਦੇ ਕਿਸਾਨ-ਮਜ਼ਦੂਰ ਵਿਰੋਧੀ ਫੈਸਲੇ ਸਰਕਾਰ ਨੂੰ ਮੜੀਆਂ ਦੇ ਰਾਹ ਤੋਰਨਗੇ – ਕਿਸਾਨ ਜਥੇਬੰਦੀਆਂ
ਬੁਢਲਾਡਾ – 30 ਅਕਤੂਬਰ ( ਵਿਸ਼ਵ ਵਾਰਤਾ )- ਪੰਜਾਬ ਵਿੱਚ 30 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਵਿਰੋਧੀ ਅਤੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਖੇਤੀ ਸਬੰਧੀ ਤਿੰਨੇ ਕਾਲੇ ਕਾਨੂੰਨਾਂ ਖਿਲਾਫ਼ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ‘ਤੇ ਮੋਰਚਾ ਲਾਇਆ ਹੋਇਆ ਹੈ । ਅੱਜ ਇਹ ਮੋਰਚਾ 28 ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ।
ਅੱਜ ਕਿਸਾਨਾਂ ਦੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਬੋੜਾਵਾਲ , ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਪਰਸ਼ੋਤਮ ਸਿੰਘ ਗਿੱਲ , ਆਲ ਇੰਡੀਆ ਕਿਸਾਨ ਸਭਾ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਬੋੜਾਵਾਲ ਨੇ ਸੰਬੋਧਨ ਕੀਤਾ ।
ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਸਾੜਨ ਦੇ ਮਾਮਲੇ ‘ਤੇ ਘੜੇ ਕਿਸਾਨ ਮਾਰੂ ਆਰਡੀਨੈਂਸ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਇੱਕ ਕਰੋੜ ਜੁਰਮਾਨਾ ਅਤੇ ਪੰਜ ਸਾਲ ਸਜ਼ਾ ਬਹੁਤ ਹੀ ਨਿੰਦਣਯੋਗ ਹੈ । ਇਸ ਆਰਡੀਨੈਂਸ ‘ਚੌਂ ਪ੍ਰਦੂਸ਼ਣ ਨੂੰ ਰੋਕਣ ਨਾਲੋਂ ਕਿਸਾਨੀ ਨੂੰ ਜਮੀਨਾਂ ਤੋਂ ਵਾਂਝੇ ਕਰਨ ਭਾਵਨਾ ਵਧੇਰੇ ਝਲਕਦੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ 5 ਨਵੰਬਰ ਦਾ ਦੇਸ਼ ਭਰ ਵਿੱਚ ਚੱਕਾ ਜਾਮ ਅਤੇ 26-27 ਨਵੰਬਰ ਦਾ ਦਿੱਲੀ ਮਾਰਚ ਦੇ ਦੋਵੇਂ ਐਕਸ਼ਨ ਮੋਦੀ ਸਰਕਾਰ ਦੀਆਂ ਜੜਾਂ ਉਖਾੜ ਕੇ ਰੱਖ ਦੇਣਗੇ ।
ਅੱਜ ਦੇ ਧਰਨੇ ਨੂੰ ਨੌਜਵਾਨ ਕਿਸਾਨ ਆਗੂ ਜਸਕਰਨ ਸਿੰਘ ਬਰੇਟਾ , ਦਰਸ਼ਨ ਸਿੰਘ ਗੁਰਨੇ , ਸਤਪਾਲ ਸਿੰਘ ਬਰੇ , ਨਛੱਤਰ ਸਿੰਘ ਅਹਿਮਦਪੁਰ , ਬਲਦੇਵ ਸਿੰਘ ਪਿੱਪਲੀਆਂ ਆਦਿ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ – ਮਜ਼ਦੂਰਾਂ ਵਿਰੋਧੀ ਫੈਸਲੇ ਇਸ ਸਰਕਾਰ ਨੂੰ ਮੜੀਆਂ ਦੇ ਤੋਰਨ ਦੇ ਫੈਸਲੇ ਸਾਬਤ ਹੋਣਗੇ।























