ਨਵਾਂਸ਼ਹਿਰ, 29 ਅਕਤੂਬਰ (ਵਿਸ਼ਵ ਵਾਰਤਾ)-ਦੀਵਾਲੀ ਦੇ ਮੌਕੇ ’ਤੇ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ ਮਿਤੀ 4 ਨਵੰਬਰ 2020 ਸ਼ਾਮ 5 ਵਜੇ ਤੱਕ ਦਫ਼ਤਰੀ ਕੰਮ ਦੇ ਸਮੇਂ ਦੌਰਾਨ ਸਬ-ਡਵੀਜ਼ਨ ਵਾਈਜ਼ ਆਪਣੀਆਂ ਦਰਖ਼ਾਸਤਾਂ ਸੇਵਾ ਕੇਂਦਰ ਵਿਖੇ ਦੇ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਨਿਸਚਿਤ ਕੀਤੇ ਗਏ ਸਮੇਂ ਦੌਰਾਨ ਪ੍ਰਾਪਤ ਹੋਈਆਂ ਦਰਖ਼ਾਸਤਾਂ ਨੂੰ ਹੀ ਵਿਚਾਰਿਆ ਜਾਵੇਗਾ ਅਤੇ ਇਸ ਸਬੰਧੀ ਮਿਤੀ 10 ਨਵੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਲਾਟਰੀ ਸਿਸਟਮ ਰਾਹੀਂ ਪਟਾਕੇ ਵੇਚਣ ਸਬੰਧੀ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਡਰਾਅ ਕੱਢਿਆ ਜਾਵੇਗਾ। ਉਨਾਂ ਕਿਹਾ ਕਿ ਜਿਨਾਂ ਵਿਅਕਤੀਆਂ ਨੂੰ ਆਰਜ਼ੀ ਲਾਇਸੰਸ ਜਾਰੀ ਕੀਤਾ ਜਾਵੇਗਾ, ਸਿਰਫ ਉਹ ਵਿਅਕਤੀ ਹੀ ਪਟਾਕੇ ਵੇਚਣ ਲਈ ਅਧਿਕਾਰਤ ਹੋਣਗੇ। ਉਨਾਂ ਕਿਹਾ ਕਿ ਇਸ ਪ੍ਰਕਿਰਿਆ ਤੋਂ ਇਲਾਵਾ ਹੋਰ ਪ੍ਰਾਪਤ ਦਰਖ਼ਾਸਤਾਂ ਰੱਦ ਮੰਨੀਆਂ ਜਾਣਗੀਆਂ।






















