ਮਾਨਸਾ/ ਚੰਡੀਗੜ੍ਹ ,17 ਅਕਤੂਬਰ ( ਵਿਸ਼ਵ ਵਾਰਤਾ )-ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਸੰਘਰਸ਼ ਦਾ ਘੇਰਾ ਹੋਰ ਵਧਾਉਣ ਲਈ ਅੱਜ ਇੱਥੋਂ ਥੋੜੀ ਦੂਰ ਪਿੰਡ ਭੋਤਨਾ (ਜਿਲ੍ਹਾ ਬਰਨਾਲਾ) ਵਿਖੇ ਨੌਜਵਾਨ ਆਗੂਆਂ ਦੀ ਸੂਬਾ ਪੱਧਰੀ ਸਿੱਖਿਆ ਮੀਟਿੰਗ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਬਲਾਕ ਕਮੇਟੀਆਂ ਦੇ ਮੁੱਖ ਅਹੁਦੇਦਾਰਾਂ ਸਮੇਤ ਸੈਂਕੜੇ ਨੌਜਵਾਨ ਸ਼ਾਮਲ ਹੋਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਥੇ ਜਾਰੀ ਕੀਤੇ ਪ੍ਰੈਸਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ਦੀ ਸ਼ੁਰੂਆਤ ਉੱਘੇ ਨਾਟਕਕਾਰ ਹੰਸਾ ਸਿੰਘ ਦੇ ਅਚਾਨਕ ਸਦੀਵੀ ਵਿਛੋੜੇ ਅਤੇ ਸੰਗਰੂਰ ਰੇਲਜਾਮ ਧਰਨੇ ‘ਚ ਹਰਟ ਅਟੈਕ ਨਾਲ ਦਮ ਤੋੜ ਗਏ ਕਿਸਾਨ ਸ਼ਹੀਦ ਲਾਭ ਸਿੰਘ ਨੂੰ ਦੋ ਮਿੰਟ ਦਾ ਮੋਨ ਧਾਰ ਨੂੰ ਸ਼ਰਧਾਂਜਲੀ ਭੇਂਟ ਕਰਨ ਰਾਹੀਂ ਕੀਤੀ ਗਈ। ਮੀਟਿੰਗ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਆਪੋ ਆਪਣੀ ਸਮਝ ਤੇ ਸਮਰੱਥਾ ਮੁਤਾਬਕ ਇਸ ਮੁੱਦੇ ‘ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵਿਰੁੱਧ ਕਿਸੇ ਵੀ ਕਿਸਮ ਦਾ ਭੰਡੀ ਪ੍ਚਾਰ ਨਾ ਕੀਤਾ ਜਾਵੇ। ਸਾਡੇ ਸਮੇਤ ਹਰ ਜਥੇਬੰਦੀ ਨੂੰ ਹੱਕ ਹੈ ਕਿ ਉਹ ਸਰਕਾਰ ਵਿਰੁੱਧ ਦੂਜੀਆਂ ਜਥੇਬੰਦੀਆਂ ਨਾਲ ਸਾਂਝੇ ਤੌਰ ‘ਤੇ ਜਾਂ ਤਾਲਮੇਲਵਾਂ ਜਾਂ ਆਜ਼ਾਦ ਸੰਘਰਸ਼ ਕਰ ਸਕਦੀ ਹੈ, ਪਰ ਇੱਕ ਦੂਜੇ ਵਿਰੁੱਧ ਭੰਡੀ ਪ੍ਰਚਾਰ ਸਰਕਾਰ ਦੇ ਪੱਖ ‘ਚ ਭੁਗਤਦਾ ਹੈ। ਜਥੇਬੰਦੀ ਵੱਲੋਂ ਦਿੱਲੀ ਵਿੱਚ ਕੀਤੇ ਗੱਲਬਾਤ ਦੇ ਡਰਾਮੇ ਵਿਰੁੱਧ ਰੋਸ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਅੱਜ ਸਾਰੇ ਧਰਨਿਆਂ ‘ਚ ਤਾਲਮੇਲਵੇਂ ਐਕਸ਼ਨ ਵਜੋਂ ਫੂਕੇ ਗਏ। ਇਸਤੋਂ ਇਲਾਵਾ ਥਾਂ ਥਾਂ ਮਤੇ ਪਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਗਈ ਕਿ 19 ਅਕਤੂਬਰ ਨੂੰ ਅਸੰਬਲੀ ਇਜਲਾਸ ਵਿੱਚ ਤਿੰਨੇ ਕੇਂਦਰੀ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਵਾਪਸ ਲੈਣ ਦੇ ਮਤੇ ਤੋਂ ਇਲਾਵਾ ਪੰਜਾਬ ਸਰਕਾਰ ਦੁਆਰਾ ਨਿਜੀ ਕਾਰਪੋਰੇਸ਼ਨਾਂ ਤੇ ਵੱਡੇ ਵਪਾਰੀਆਂ ਨੂੰ ਐਮ ਐਸ ਪੀ ਦੀ ਜਾਮਨੀ ਤੋਂ ਬਗੈਰ ਹੀ ਫਸਲੀ ਖਰੀਦ ਦੀਆਂ ਖੁੱਲ੍ਹਾਂ ਦੇਣ ਵਾਲੇ 2017 ਅਤੇ ਉਸਤੋਂ ਪਹਿਲਾਂ ਦੇ ਮੰਡੀਕਰਨ ਕਾਨੂੰਨ / ਬਿੱਲ ਵਾਪਸ ਲੈਣ ਦਾ ਮਤਾ ਵੀ ਪਾਸ ਕੀਤਾ ਜਾਵੇ। ਇਸ ਮੰਗ ਸਮੇਤ ਕੈਪਟਨ ਦੇ ਚੋਣ ਵਾਅਦਿਆਂ ਸੰਬੰਧੀ ਮੰਗਾਂ ਵਾਲਾ ਮੰਗ ਪੱਤਰ ਵੀ ਸਥਾਨਕ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਗਏ। ਈਮੇਲ ਤੇ ਵਟਸਐਪ ਰਾਹੀਂ ਇਹ ਮੰਗ ਪੱਤਰ ਪੰਜਾਬ ਦੇ ਪ੍ਰਮੁੱਖ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਨੂੰ ਕੱਲ੍ਹ ਹੀ ਭੇਜ ਦਿੱਤੇ ਗਏ ਸਨ। ਇਸ ਖਾਤਰ 19 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਸਾਹਮਣੇ ਧਰਨਾ ਵੀ ਦਿੱਤਾ ਜਾਵੇਗਾ। ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਪੰਜਾਬ ਸਰਕਾਰ ਨੂੰ ਵੀ ਮੌਜੂਦਾ ਘੋਲ਼ ਦਾ ਨਿਸ਼ਾਨਾ ਬਣਾਇਆ ਜਾਵੇਗਾ। 9 ਸਿਰਕੱਢ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨਿਆਂ ਤੋਂ ਇਲਾਵਾ 10 ਟੌਲ ਪਲਾਜ਼ਿਆਂ, 4 ਸ਼ਾਪਿੰਗ ਮਾਲਜ਼, 1ਅਡਾਨੀ ਗੋਦਾਮ, 24 ਰਿਲਾਇੰਸ ਪੰਪਾਂ, 10 ਐੱਸਾਰ ਪੰਪਾਂ ਤੇ ਵਣਾਂਵਾਲੀ ਥਰਮਲ ਪਲਾਂਟ ‘ਤੇ ਦਿਨ ਰਾਤ ਦੇ ਧਰਨੇ 59 ਥਾਂਈਂ ਅੱਜ ਵੀ ਜਾਰੀ ਰਹੇ। ਧੂਰੀ ਵਿਖੇ ਟੌਲ ਪਲਾਜਾ ਧਰਨੇ ਵਿੱਚ ਅੱਜ ਨੇਤਰਹੀਣਾਂ ਦੀ ਜਥੇਬੰਦੀ ਵੱਲੋਂ ਸਵਾ ਸੌ ਤੋਂ ਵੱਧ ਗਿਣਤੀ ‘ਚ ਸ਼ਾਮਲ ਹੋ ਕੇ ਕਿਸਾਨ ਘੋਲ਼ ਨਾਲ ਯਕਜਹਿਤੀ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬ ਭਰ ਵਿੱਚ ਲਗਾਤਾਰ ਅੱਗੇ ਵਧ ਰਹੇ ਮੌਜੂਦਾ ਸਾਂਝੇ ਘੋਲ਼ ਦਾ ਵਿਸ਼ੇਸ਼ ਨਿਸ਼ਾਨਾ ਅਜੇ ਤੱਕ ਤਾਂ ਲੁਟੇਰੇ ਕਾਰਪੋਰੇਟਾਂ ਤੇ ਭਾਜਪਾ ਗੱਠਜੋੜ ਨੂੰ ਹੀ ਬਣਾਇਆ ਗਿਆ ਹੈ ਅਤੇ ਭਾਜਪਾ ਆਗੂਆਂ ਖਿਲਾਫ਼ ਕਿਸਾਨਾਂ ਸਮੇਤ ਆਮ ਲੋਕਾਂ ਦਾ ਗੁੱਸਾ ਹੱਦਾਂ ਬੰਨੇ ਟੱਪਦਾ ਜਾ ਰਿਹਾ ਹੈ। ਥਾਂ ਥਾਂ ਭਾਰੀ ਗਿਣਤੀ ‘ਚ ਨੌਜਵਾਨਾਂ, ਔਰਤਾਂ ਅਤੇ ਕੁੱਝ ਥਾਂਈਂ ਸਕੂਲੀ ਬੱਚਿਆਂ ਸਮੇਤ ਇਸ ਵੇਲੇ ਕੁੱਲ ਮਿਲਾ ਕੇ 60 ਹਜ਼ਾਰ ਤੋਂ ਵੱਧ ਗਿਣਤੀ ‘ਚ ਪੁੱਜ ਰਹੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਜਥੇਬੰਦੀ ਦੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ,ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਸੂਬਾ ਆਗੂ ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ ਤੇ ਰਾਜਵਿੰਦਰ ਸਿੰਘ ਰਾਮਨਗਰ ਸਮੇਤ ਵੱਖ ਵੱਖ ਜਿਲ੍ਹਾ ਆਗੂ ਅਤੇ ਨਵੇਂ ਨੌਜਵਾਨ ਮੁੰਡੇ ਕੁੜੀਆਂ ਵੀ ਸ਼ਾਮਲ ਹਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕਾਲੇ ਖੇਤੀ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਹਵਾਲੇ ਕਰਕੇ ਅਤੇ ਕਿਸਾਨਾਂ ਤੋਂ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦਾ ਹਮਲਾ ਹੈ ਜਿਹੜਾ ਛੋਟੀ ਦਰਮਿਆਨੀ ਕਿਸਾਨੀ ਦੀ ਮੌਤ ਦੇ ਵਰੰਟਾਂ ਤੁਲ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਅਣਖੀਲੇ ਜੁਝਾਰੂ ਕਿਸਾਨ ਮਜ਼ਦੂਰ ਤੇ ਸੰਘਰਸ਼ਸ਼ੀਲ ਕਿਰਤੀ ਲੋਕ ਇਸ ਹਮਲੇ ਵਿਰੁੱਧ ਲੰਬੇ ਜਾਨਹੂਲਵੇਂ ਤੇ ਵਿਸ਼ਾਲ ਸੰਘਰਸ਼ਾਂ ਦੀ ਝੜੀ ਲਾ ਕੇ ਇਹਨਾਂ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰ ਦੇਣਗੇ। ਉਹਨਾਂ ਨੇ ਪੰਜਾਬ ਭਰ ਵਿੱਚ ਸਾਰੇ ਕਾਮਿਆਂ, ਕਿਸਾਨਾਂ, ਕਲਾਕਾਰਾਂ,ਬੁੱਧੀਜੀਵੀਆਂ ਵੱਲੋਂ ਇਸ ਘੋਲ਼ ਨੂੰ ਮਿਲ ਰਹੇ ਜ਼ਬਰਦਸਤ ਸਮਰਥਨ ਦਾ ਧੰਨਵਾਦ ਕੀਤਾ,ਪਰ ਕੁੱਝ ਮੌਕਾਪ੍ਰਸਤ ਫਿਰਕੂ ਕਿਸਮ ਦੇ ਸਿਆਸਤਦਾਨਾਂ ਵੱਲੋਂ ਕਲਾਕਾਰਾਂ ਵਾਲੇ ਬੁਰਕੇ ਪਾ ਕੇ ਕਾਲੇ ਖੇਤੀ ਕਾਨੂੰਨਾਂ ਦੇ ਮੁਕਾਬਲੇ ‘ਤੇ ਫਿਰਕਾਪ੍ਰਸਤ ਮਸਲੇ ਉਭਾਰ ਕੇ ਭੜਕਾਊ ਹਿੰਸਕ ਮਹੌਲ ਪੈਦਾ ਕਰਨ ਦੇ ਨਾਪਾਕ ਯਤਨਾਂ ਤੋਂ ਖਾਸ ਕਰਕੇ ਨੌਜਵਾਨਾਂ ਨੂੰ ਖਬਰਦਾਰ ਰਹਿਣ ਉੱਤੇ ਜ਼ੋਰ ਦਿੱਤਾ। ਉਹਨਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਸਣੇ ਭੂਮੀ ਗ੍ਰਹਿਣ ਬਿੱਲ ਦੀਆਂ ਸੋਧਾਂ ਰੱਦ ਕਰੋ। 1955 ਦੇ ਜ਼ਰੂਰੀ ਵਸਤਾਂ ਕਾਨੂੰਨ ‘ਚ ਸ਼ਾਮਲ ਸਾਰੀਆਂ ਫਸਲਾਂ ਦਾ ਐਮ ਐਸ ਪੀ ਮਿਲਣ ਦੀ ਗਰੰਟੀ ਲਈ ਸਰਕਾਰੀ ਖਰੀਦ ਦਾ ਕਾਨੂੰਨ ਬਣਾਓ। ਖੁੱਲ੍ਹੀ ਮੰਡੀ ਵੱਲ ਸੇਧਤ ਪੰਜਾਬ ਸਰਕਾਰ ਦੇ ਮੰਡੀਕਰਨ ਕਾਨੂੰਨ ਵੀ ਰੱਦ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਧਰਨਿਆਂ ਦੀ ਗਿਣਤੀ ਅਤੇ ਨੌਜਵਾਨਾਂ ਤੇ ਔਰਤਾਂ ਸਮੇਤ ਕਿਸਾਨ ਲਾਮਬੰਦੀਆਂ ਵਿੱਚ ਦਿਨੋਂ ਦਿਨ ਹੋ ਰਹੇ ਵਾਧੇ ਰਾਹੀਂ ਭਾਜਪਾ ਹਕੂਮਤ ਸਣੇ ਕਾਰਪੋਰੇਟਾਂ ਖਿਲਾਫ ਰੋਹ ਹੋਰ ਵਧੇਰੇ ਫੈਲ ਰਿਹਾ ਹੈ। ਬੁਲਾਰਿਆਂ ਨੇ ਕੈਪਟਨ ਸਰਕਾਰ ਨੂੰ ਖਬਰਦਾਰ ਕੀਤਾ ਕਿ ਕਿਸਾਨਾਂ ਦੇ ਇਸ ਰੋਹ ਦਾ ਸਿਆਸੀ ਲਾਹਾ ਖੱਟਣ ਦੇ ਲਾਲਚ ਵਿੱਚ ਉਹ ਖੁਦ ਇਸ ਰੋਹ ਦਾ ਸ਼ਿਕਾਰ ਨਾ ਬਣ ਜਾਵੇ। ਉਹਨਾਂ ਨੇ ਐਲਾਨ ਕੀਤਾ ਕਿ ਮੌਜੂਦਾ ਅਣਮਿਥੇ ਸਮੇਂ ਦਾ ਸੰਘਰਸ਼ ਸਭਨਾਂ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਤਾਲਮੇਲਵੀਂ ਸਾਂਝ ਬਰਕਰਾਰ ਰੱਖਦਿਆਂ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ ।
ਚੰਡੀਗੜ੍ਹ ‘ਚ ਅੱਜ ਵੀ ਛਾਏ ਰਹਿਣਗੇ ਬੱਦਲ,ਹਲਕੀ ਬਾਰਿਸ਼ ਦੀ ਸੰਭਾਵਨਾ
ਚੰਡੀਗੜ੍ਹ 'ਚ ਅੱਜ ਵੀ ਛਾਏ ਰਹਿਣਗੇ ਬੱਦਲ,ਹਲਕੀ ਬਾਰਿਸ਼ ਦੀ ਸੰਭਾਵਨਾ ਚੰਡੀਗੜ੍ਹ, 29ਅਪ੍ਰੈਲ(ਵਿਸ਼ਵ ਵਾਰਤਾ)- ਵੈਸਟਰਨ ਡਿਸਟਰਬੈਂਸ ਕਾਰਨ ਚੰਡੀਗੜ੍ਹ 'ਚ ਅੱਜ ਵੀ...