ਜਲੰਧਰ ਵਿਖੇ 1.77 ਲੱਖ ਘਰਾਂ ਨੂੰ ਕਾਰਜਸ਼ੀਲ ਘਰੇਲੂ ਟੂਟੀ ਕੁਨੈਕਸ਼ਨ ਨਾਲ ਜੋੜਿਆ ਗਿਆ
ਜਲੰਧਰ, 28 ਸਤੰਬਰ (ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸੋਮਵਾਰ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਾਲ ਅਕਤੂਬਰ ਦੇ ਅਖੀਰ ਤੱਕ ਸਾਰੇ 2.32 ਲੱਖ ਘਰਾਂ ਵਿੱਚ ਟੂਟੀਆਂ ਦੇ ਕੁਨੈਕਸ਼ਨਾਂ (ਟੈਪ ਵਾਟਰ ਕੁਨੈਕਸ਼ਨ) ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਜਲ ਜੀਵਨ ਮਿਸ਼ਨ (ਜੇਜੇਐਮ) ਅਧੀਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਜਲੰਧਰ ਵਿੱਚ 1.77 ਲੱਖ ਘਰਾਂ ਨੂੰ ਕਾਰਜਸ਼ੀਲ ਘਰੇਲੂ ਟੂਟੀ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਾਰਚ 2022ਤੱਕ 100 ਫੀਸਦੀ ਪੇਂਡੂ ਘਰਾਂ ਨੂੰ ਕਾਰਜਸ਼ੀਲ ਘਰੇਲੂ ਟੂਟੀ ਕੁਨੈਕਸ਼ਨ (ਐਫਐਚਟੀਸੀ) ਦੇਣ ਲਈ ਵਚਨਬੱਧ ਹੈ।
ਘਨਸ਼ਿਆਮ ਥੋਰੀ ਨੇ ਕਾਰਜਕਾਰੀ ਇੰਜੀਨੀਅਰਾਂ, ਜੂਨੀਅਰ ਇੰਜੀਨੀਅਰਾਂ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਹੋਰ ਕਰਮਚਾਰੀਆਂ ਨੂੰ ਕਿਹਾ ਕਿ ਉਹ ਅਗਲੇ ਮਹੀਨੇ ਵਿੱਚ ਬਾਕੀ ਰਹਿੰਦੇ ਪੇਂਡੂ ਘਰਾਂ ਨੂੰ ਕਵਰ ਕਰਨ ‘ਚ ਕੋਈ ਕਸਰ ਬਾਕੀ ਨਾ ਰਹਿਣ ਦੇਣ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਸਮੁੱਚੇ ਘਰਾਂ ਵਿੱਚ ਢੁੱਕਵੀਂ ਮਾਤਰਾ ਵਿੱਚ ਪੀਣ ਯੋਗ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਬਾਕੀ ਪੰਚਾਇਤਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਜਾਵੇ ਅਤੇ ਪੇਂਡੂ ਆਬਾਦੀ ਖਾਸ ਕਰ ਕੇ ਸਮਾਜ ਦੇ ਕਮਜ਼ੋਰ ਵਰਗ ਨੂੰ ਲਾਭ ਪਹੁੰਚਾਉਣ ਲਈ ਚੱਲ ਰਹੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ ।
ਉਨ੍ਹਾਂ ਕਿਹਾ ਕਿ ਜਲ ਜੀਵਨ ਮਿਸ਼ਨ ਅਧੀਨ ਪੇਂਡੂ ਖੇਤਰਾਂ ਦੇ ਸਾਰੇ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਥਾਨਕ ਪੰਚਾਇਤ ਨੂੰ ਯੋਜਨਾਬੰਦੀ, ਲਾਗੂ ਕਰਨ, ਪ੍ਰਬੰਧਨ, ਸੰਚਾਲਨ ਅਤੇ ਰੱਖ ਰਖਾਵ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ ।
ਉਨ੍ਹਾਂ ਅੱਗੇ ਕਿਹਾ ਕਿ ਖੇਤੀਬਾੜੀ ਵਿੱਚ ਮੁੜ ਵਰਤੋਂ ਲਈ ਗਰਾਊਂਡ ਵਾਟਰ ਰਿਚਾਰਜ, ਮੀਂਹ ਦੇ ਪਾਣੀ ਦੀ ਸੰਭਾਲ ਅਤੇ ਘਰਾਂ ਦੇ ਵਿਅਰਥ ਪਾਣੀ ਦੇ ਪ੍ਰਬੰਧਨ ਉੱਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਕਾਰਜਕਾਰੀ ਇੰਜੀਨੀਅਰ ਸੁਖਦੀਪ ਸਿੰਘ, ਵਿਜੇ ਕੁਮਾਰ ਅਤੇ ਹੋਰ ਮੌਜੂਦ ਸਨ।