ਲੌਂਗੋਵਾਲ 28 ਸਤੰਬਰ (ਵਿਸ਼ਵ ਵਾਰਤਾ )-ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਲੌਂਗੋਵਾਲ (ਸੰਗਰੂਰ), ਬੁੱਟਰ (ਮੋਗਾ), ਜੈਤੋ (ਫਰੀਦਕੋਟ), ਬੇਰ ਕਲਾਂ (ਲੁਧਿਆਣਾ ) ਅਤੇ ਮੱਤੇਨੰਗਲ (ਅੰਮ੍ਰਿਤਸਰ) ਵਿਖੇ ਸ਼ਹੀਦੇਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਪੂਰੇ ਜੋਸ਼ੋ ਖਰੋਸ਼ ਨਾਲ ਸੰਗਰਾਮੀ ਹਫਤੇ ਦੀ ਸ਼ੁਰੂਆਤ ਵਜੋਂ ਮਨਾਇਆ ਗਿਆ। ਇੱਥੋਂ ਜਾਰੀ ਕੀਤੇ ਗਏ ਪ੍ਰੈਸਨੋਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕੁੱਲ ਮਿਲਾ ਕੇ ਭਾਰੀ ਗਿਣਤੀ ਔਰਤਾਂ ਅਤੇ ਹਜ਼ਾਰਾਂ ਨੌਜਵਾਨਾਂ ਸਮੇਤ ਦਸ ਹਜ਼ਾਰ ਤੋਂ ਵੱਧ ਕਿਸਾਨ ਮਜ਼ਦੂਰ ਇਕੱਠਾਂ ਵਿੱਚ ਸ਼ਾਮਲ ਹੋਏ। ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਹਰਿੰਦਰ ਕੌਰ ਬਿੰਦੂ, ਰਾਜਵਿੰਦਰ ਸਿੰਘ ਰਾਮਨਗਰ ਅਤੇ ਜਿਲ੍ਹਾ ਪੱਧਰੇ ਆਗੂਆਂ ਤੋਂ ਇਲਾਵਾ ਨਵੇਂ ਨੌਜਵਾਨ ਮੁੰਡੇ ਕੁੜੀਆਂ ਵੀ ਸ਼ਾਮਲ ਸਨ। ਉਹਨਾਂ ਨੇ ਸ਼ਹੀਦ ਭਗਤ ਸਿੰਘ ਦੀ ਕਿਸਾਨ ਮਜ਼ਦੂਰ ਪੱਖੀ ਆਪਾਵਾਰੂ ਇਨਕਲਾਬੀ ਸੋਚ ਨੂੰ ਉਚਿਆਉਂਦਿਆਂ ਉਸ ‘ਤੇ ਪਹਿਰਾ ਦੇਣ ਦਾ ਸੱਦਾ ਨੌਜਵਾਨਾਂ ਨੂੰ ਦਿੱਤਾ। ਕਰੋਨਾ ਦੀ ਆੜ ਹੇਠ ਮੜ੍ਹੇ ਜਾ ਰਹੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਲੜੇ ਜਾ ਰਹੇ ਮੌਜੂਦਾ ਸੰਘਰਸ਼ ਨੂੰ ਮੋਦੀ ਭਾਜਪਾ ਸਰਕਾਰ ਤੇ ਕਾਰਪੋਰੇਟਾਂ ਦੇ ਗੱਠਜੋੜ ਵੱਲ ਸੇਧਿਤ ਕਰਦਿਆਂ ਸੂਬੇ ਅੰਦਰ ਭਾਜਪਾ ਆਗੂਆਂ/ਮੰਤਰੀਆਂ/ਵਿਧਾਇਕਾਂ ਤੇ ਉੱਭਰਵੇਂ ਕਾਰਪੋਰੇਟ ਕਾਰੋਬਾਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਨਾਲ ਹੀ ਸੂਬੇ ਦੀਆਂ 31 ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਹੋਏ ਸੱਦੇ ਤਹਿਤ 1 ਅਕਤੂਬਰ ਤੋਂ ਕੀਤੇ ਜਾ ਰਹੇ ਰੇਲ ਰੋਕੋ ਐਕਸ਼ਨ ਨਾਲ ਤਾਲਮੇਲ ਰੱਖਦਿਆਂ ਇਸ ਵਿੱਚ ਵੀ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਬੁਲਾਰਿਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਹੱਕੀ ਰੋਹ ਨੂੰ ਇਸ ਨਾਪਾਕ ਗੱਠਜੋੜ ਖ਼ਿਲਾਫ਼ ਸੇਧਤ ਕਰਨ। ਉਹਨਾਂ ਦੋਸ਼ ਲਾਇਆ ਕਿ ਇਹ ਨਵਾਂ ਹਮਲਾ ਮੋਦੀ ਹਕੂਮਤ ਵੱਲੋਂ ਕਾਰਪੋਰੇਟਾਂ ਨੂੰ ਖੇਤੀ ਖੇਤਰ ‘ਚ ਅੰਨ੍ਹੀ ਲੁੱਟ ਮਚਾਉਣ ਦੀਆਂ ਖੁੱਲ੍ਹੀਆਂ ਛੋਟਾਂ ਦੇਣ ਦਾ ਹਮਲਾ ਹੈ। ਮੋਦੀ ਸਰਕਾਰ ਮੁਲਕ ਦੇ ਸਾਰੇ ਮਾਲ ਖਜ਼ਾਨੇ ਬਹੁਕੌਮੀ ਕੰਪਨੀਆਂ ਤੇ ਉਨ੍ਹਾਂ ਦੇ ਦੇਸੀ ਦਲਾਲਾਂ ਅੰਬਾਨੀ ਅਡਾਨੀ ਵਰਗੇ ਕਾਰਪੋਰੇਟ ਕਾਰੋਬਾਰੀਆਂ ਨੂੰ ਸੰਭਾਲਣ ‘ਤੇ ਤੁਲੀ ਹੋਈ ਹੈ। ਇਸ ਲਈ ਜਿੱਥੇ ਇੱਕ ਪਾਸੇ ਭਾਜਪਾ ਆਗੂਆਂ ਨੂੰ ਘੇਰ ਕੇ ਲੋਕ ਰੋਹ ਦਾ ਸੇਕ ਚਾੜ੍ਹਨਾ ਜ਼ਰੂਰੀ ਹੈ ਉੱਥੇ ਨਾਲ ਹੀ ਕਾਰਪੋਰੇਟ ਘਰਾਣਿਆਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਹੁਣ ਉਨ੍ਹਾਂ ਦੇ ਲੋਟੂ ਕਾਰੋਬਾਰ ਵੀ ਲੋਕ ਰੋਹ ਦੇ ਨਿਸ਼ਾਨੇ ‘ਤੇ ਆਉਣਗੇ। ਲੋਕ ਨਾ- ਸਿਰਫ ਆਪਣੇ ਖੇਤਾਂ ਤੇ ਫ਼ਸਲਾਂ ਨੂੰ ਹੜੱਪਣ ਦੇ ਲੁਟੇਰੇ ਕਾਰਪੋਰੇਟੀ ਮਨਸੂਬਿਆਂ ਨੂੰ ਚੁਣੌਤੀ ਦੇਣਗੇ ਸਗੋਂ ਉਨ੍ਹਾਂ ਦੇ ਚੱਲ ਰਹੇ ਲੁਟੇਰੇ ਕਾਰੋਬਾਰਾਂ ਨੂੰ ਵੀ ਨੱਥ ਪਾਉਣ ਲਈ ਅੱਗੇ ਆਉਣਗੇ। ਇਨ੍ਹਾਂ ਕਾਰੋਬਾਰਾਂ ਦਾ ਘਿਰਾਓ ਜਿੱਥੇ ਲੋਟੂ ਕਾਨੂੰਨਾਂ ਨੂੰ ਰੱਦ ਕਰਨ ਲਈ ਦਬਾਅ ਬਣਾਵੇਗਾ, ਉੱਥੇ ਇਸ ਲੁੱਟ ਨੂੰ ਬਰਦਾਸ਼ਤ ਨਾ ਕਰਨ ਦਾ ਲੋਕਾਂ ਦਾ ਐਲਾਨ ਵੀ ਬਣੇਗਾ। ਆਗੂਆਂ ਨੇ ਦੱਸਿਆ ਕਿ ਪੰਜਾਬ ਅੰਦਰ ਅਡਾਨੀ ਗਰੁੱਪ ਨੇ ਅਨਾਜ ਖਰੀਦ ਕੇ ਸਟੋਰ ਕਰਨ ਲਈ ਵੱਡੇ ਗ਼ੁਦਾਮ ਉਸਾਰੇ ਹੋਏ ਹਨ। ਕਾਨੂੰਨ ਪਾਸ ਹੁੰਦਿਆਂ ਹੀ ਇਨ੍ਹਾਂ ਨੂੰ ਹੋਰ ਫੈਲਾਉਣ ਦੇ ਕਦਮ ਲੈਣੇ ਵੀ ਸ਼ੁਰੂ ਕਰ ਦਿੱਤੇ ਹਨ। ਇੱਥੇ ਸਾਡੀਆਂ ਫਸਲਾਂ ਨੂੰ ਦਿਨ ਦਿਹਾੜੇ ਲੁੱਟ ਕੇ ਰੱਖਿਆ ਜਾਣਾ ਹੈ। ਗਰੀਬ ਪਰਿਵਾਰਾਂ ਨੂੰ ਅਨਾਜ ਵੰਡਣ ਦੀ ਥਾਂ ਵੱਡੇ ਮੁਨਾਫਿਆਂ ਖਾਤਰ ਇੱਥੋਂ ਦੇਸ਼ਾਂ ਵਿਦੇਸ਼ਾਂ ਨੂੰ ਪਹੁੰਚਾਇਆ ਜਾਣਾ ਹੈ। ਇਨ੍ਹਾਂ ਵੱਡੇ ਪ੍ਰਾਈਵੇਟ ਗੋਦਾਮਾਂ ਦੇ ਘਿਰਾਓ ਰਾਹੀਂ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਪੰਜਾਬ ਅੰਦਰ ਖੇਤੀ ਖੇਤਰ ਨੂੰ ਇਉਂ ਹੜੱਪਣ ਨਹੀਂ ਦਿੱਤਾ ਜਾਵੇਗਾ। ਇਨ੍ਹਾਂ ਘਿਰਾਓ ਐਕਸ਼ਨਾਂ ‘ਚ ਸ਼ਾਮਲ ਹੋ ਕੇ ਖੇਤ ਮਜ਼ਦੂਰ ਤੇ ਹੋਰ ਗਰੀਬ ਪਰਿਵਾਰ ਵੀ ਇਸ ਅਨਾਜ ‘ਤੇ ਆਪਣਾ ਅਸਲ ਅਧਿਕਾਰ ਜਤਾਉਣਗੇ। ਇਉਂ ਹੀ ਮੋਦੀ ਹਕੂਮਤ ਦੇ ਦੂਸਰੇ ਜੋਟੀਦਾਰ ਅੰਬਾਨੀ ਦੇ ਲੁਟੇਰੇ ਕਾਰੋਬਾਰਾਂ ਜਿਵੇਂ ਸ਼ਾਪਿੰਗ ਮਾਲਾਂ ਤੇ ਪੈਟਰੋਲ ਪੰਪਾਂ ਬਗੈਰਾ ਦੇ ਘਿਰਾਓ ਰਾਹੀਂ ਸੁਣਵਾਈ ਕੀਤੀ ਜਾਵੇਗੀ ਕਿ ਉਹ ਸੂਬੇ ਅੰਦਰ ਲੁੱਟ ਦੇ ਪੰਜਿਆਂ ਨੂੰ ਹੋਰ ਫੈਲਾਉਣ ਤੋਂ ਬਾਜ਼ ਆਵੇ। ਇਸ ਤੋਂ ਬਿਨਾਂ ਵੀ ਸੂਬੇ ਅੰਦਰ ਲੁੱਟ ਦੇ ਕੇਂਦਰ ਬਣ ਕੇ ਉੱਭਰੇ ਹੋਏ ਵੱਡੀ ਪੂੰਜੀ ਦੇ ਕਾਰੋਬਾਰਾਂ ਜਿਵੇਂ ਟੋਲ ਪਲਾਜ਼ਿਆਂ ,ਬਹੁਕੌਮੀ ਕੰਪਨੀਆਂ ਦੇ ਸ਼ਾਪਿੰਗ ਮਾਲਾਂ ਜਿਵੇਂ ਵਾਲ ਮਾਰਟ ਦੇ ਬੈਸਟ ਪ੍ਰਾਈਸ ਵਗੈਰਾ ਤੇ ਪੈਪਸੀਕੋ ਵਰਗੀਆਂ ਕੰਪਨੀਆਂ ਦੇ ਕਾਰੋਬਾਰਾਂ ਦੇ ਘਿਰਾਓ ਐਕਸ਼ਨਾਂ ਰਾਹੀਂ ਸੰਘਰਸ਼ ਨੂੰ ਅਗਲੇ ਪੜਾਅ ‘ਤੇ ਲਿਜਾਇਆ ਜਾਵੇਗਾ। ਇਸੇ ਤਰ੍ਹਾਂ ਸਰਕਾਰੀ ਥਰਮਲਾਂ ਦਾ ਭੋਗ ਪਾ ਕੇ ਸਮੁੱਚਾ ਬਿਜਲੀ ਕਾਰੋਬਾਰ ਵੀ ਕਾਰਪੋਰੇਟਾਂ ਹਵਾਲੇ ਕਰਨ ਵਿਰੁੱਧ ਪ੍ਰਾਈਵੇਟ ਥਰਮਲਾਂ ਦੇ ਘਿਰਾਓ ਵੀ ਕੀਤੇ ਜਾਣਗੇ। ਮੌਜੂਦਾ ਘੋਲ ਪੜਾਅ ਅੱਜ ਦੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੋਂ ਲੈ ਕੇ 5 ਅਕਤੂਬਰ 1972 ਨੂੰ ਮੌਕੇ ਦੀ ਕਾਂਗਰਸੀ ਹਕੂਮਤ ਵੱਲੋਂ ਰਚਾਏ ਮੋਗਾ ਗੋਲੀ ਕਾਂਡ ਦੇ ਜ਼ਾਲਮ ਦਿਹਾੜੇ ਤੱਕ ਸੰਗਰਾਮੀ ਹਫਤੇ ਵਜੋਂ ਸਮਰਪਿਤ ਹੋਵੇਗਾ। ਉਨ੍ਹਾਂ ਵੱਲੋਂ ਲੋਕਾਂ ਨੂੰ ਵਧ ਚੜ੍ਹ ਕੇ ਇਨ੍ਹਾਂ ਘਿਰਾਓ ਐਕਸ਼ਨਾਂ ‘ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਨਾਲ ਹੀ ਅਪੀਲ ਵੀ ਕੀਤੀ ਗਈ ਕਿ ਇਨ੍ਹਾਂ ਘਿਰਾਓ ਐਕਸ਼ਨਾਂ ਨੂੰ ਸ਼ਾਂਤਮਈ ਰੱਖਣ ਲਈ ਹਰ ਪੱਖੋਂ ਜ਼ਬਤ ਦੀ ਪਾਲਣਾ ਕੀਤੀ ਜਾਵੇ। ਸ਼ਰਾਰਤੀ ਅਨਸਰਾਂ ਨੂੰ ਕਾਬੂ ‘ਚ ਰੱਖਣ ਲਈ ਪੂਰੀ ਚੌਕਸੀ ਬਣਾ ਕੇ ਰੱਖੀ ਜਾਵੇ। ਹਰ ਤਰ੍ਹਾਂ ਦੀ ਨਿਗਰਾਨੀ ਅਤੇ ਬਾਕਾਇਦਾ ਪਹਿਰੇਦਾਰੀ ਰਾਹੀਂ ਅਨੁਸ਼ਾਸਨ ਯਕੀਨੀ ਬਣਾਇਆ ਜਾਵੇ।
ਕਾਂਗਰਸ ਨੂੰ ਝਟਕਾ – ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਅਤੇ ਤੇਜਿੰਦਰ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ
ਕਾਂਗਰਸ ਨੂੰ ਝਟਕਾ - ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਅਤੇ ਤੇਜਿੰਦਰ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ...