60 ਸਾਲਾ ਔਰਤ ਨੇ ਦਿਖਾਈ ਬਹਾਦਰੀ, ਲੁਟੇਰਿਆਂ ਨੂੰ ਕੁੱਟ-ਕੁੱਟ ਖਦੇੜਿਆ
ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ਦੇ ਇਲਾਕੇ ਲੋਧੀ ਨੰਗਲ ਦੀ ਹੈ ਘਟਨਾ
ਚੰਡੀਗੜ੍ਹ,10 ਜੂਨ(ਵਿਸ਼ਵ ਵਾਰਤਾ)-ਉਮਰ ਕੋਈ ਵੀ ਹੋਵੇ ਜੇਕਰ ਜ਼ਜਬਾ ਕਾਇਮ ਹੋਵੇ ਤਾਂ ਹਰ ਮੁਸ਼ਕਿਲ ਨੂੰ ਹੱਲ ਕੀਤਾ ਜਾ ਸਕਦਾ ਹੈ, ਅਜਿਹੇ ਕਾਇਮ ਜ਼ਜਬੇ ਕਰਕੇ ਹੀ ਇੱਕ 60 ਸਾਲਾ ਔਰਤ ਜਿਸਦਾ ਨਾਮ ਬਲਜੀਤ ਕੌਰ ਹੈ ਨੇ ਬਹਾਦਰੀ ਦਿਖਾਉਂਦੇ ਹੋਏ 4 ਲੁਟੇਰਿਆਂ ਦਾ ਡਟ ਕੇ ਸਾਹਮਣਾ ਕੀਤਾ ਤੇ ਉਹਨਾਂ ਨੂੰ ਕੁੱਟ ਕੇ ਖਦੇੜ ਦਿੱਤਾ।
ਘਟਨਾ ਬੀਤੀ ਸ਼ਾਮ 4 ਵਜੇ ਦੀ ਹੈ, ਜਦੋਂ ਲੋਧੀ ਨੰਗਲ ਦੀ ਰਹਿਣ ਵਾਲੀ ਬਲਜੀਤ ਕੌਰ ਘਰ ਪਰਤ ਰਹੀ ਸੀ ਤਾਂ ਉਸਨੂੰ 4 ਲੁਟੇਰਿਆਂ ਨੇ ਘੇਰ ਲਿਆ, ਜਿਹਨਾਂ ਵਿੱਚੋਂ 2 ਬਾਇਕ ਤੇ ਅਤੇ 2 ਐਕਟਿਵਾ ਤੇ ਸਵਾਰ ਸਨ। ਉਹਨਾਂ ਲੁਟੇਰਿਆਂ ਨੇ ਉਕਤ ਔਰਤ ਤੋਂ ਉਸਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਪਰ ਬਲਜੀਤ ਕੌਰ ਨੇ ਉਹਨਾਂ ਲੁਟੇਰਿਆਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਂਦੇ ਹੋਏ ਕੁੱਟ- ਕੁੱਟ ਕੇ ਉਥੋਂ ਖਦੇੜ ਦਿੱਤਾ। ਜਿਸ ਤੋਂ ਬਾਅਦ ਉਹਨਾਂ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਫਤਿਹਗੜ੍ਹ ਚੂੜੀਆਂ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਤੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹ ਛੇਤੀ ਹੀ ਉਹਨਾਂ 4 ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਵੇਗੀ।
ਇਸ ਪੂਰੀ ਘਟਨਾ ਦੀ ਜਾਣਕਾਰੀ ਬਲਜੀਤ ਕੌਰ ਦੇ ਆਸਟਰੇਲੀਆ ਰਹਿੰਦੇ ਭਰਾ ਬਲਰਾਜ ਸਿੰਘ ਪੰਨੂੰ ਨੇ ਸਾਂਝੀ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਬਲਜੀਤ ਕੌਰ ਸੁਖਬੀਰ ਸਿੰਘ ਲੋਧੀ ਨੰਗਲ ਦੀ ਨਜ਼ਦੀਕੀ ਰਿਸ਼ਤੇਦਾਰ ਹੈ।