6 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ
ਗੁਆਂਢੀ ਸੂਬੇ ਹਰਿਆਣਾ ਦੇ ਆਦਮਪੁਰ ਵਿੱਚ ਵੀ ਹੋ ਰਹੀ ਹੈ ਜ਼ਿਮਨੀ ਚੋਣ
ਪੜ੍ਹੋ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਮੈਦਾਨ ‘ਚ
ਚੰਡੀਗੜ੍ਹ 3 ਨਵੰਬਰ(ਵਿਸ਼ਵ ਵਾਰਤਾ) – ਅੱਜ 6 ਰਾਜਾਂ ਦੀਆਂ 7 ਵੱਖ ਵੱਖ ਸੀਟੀਆਂ ਦੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਮਹਾਰਾਸ਼ਟਰ, ਹਰਿਆਣਾ, ਬਿਹਾਰ, ਤੇਲੰਗਾਨਾ, ਉੜੀਸਾ ਅਤੇ ਉੱਤਰ ਪ੍ਰਦੇਸ਼ ਦੇ ਸੱਤ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹਿਣ ਦੀ ਉਮੀਦ ਹੈ ਇਸ ਦੇ ਨਾਲ ਹੀ 6 ਨਵੰਬਰ ਨੂੰ ਨਤੀਜੇ ਆਉਣ ਦੀ ਉਮੀਦ ਹੈ। ਜਿਹਨਾਂ ਸੀਟਾਂ ਤੇ ਵੋਟਿੰਗ ਹੋ ਰਹੀ ਹੈ ਉਹਨਾਂ ਵਿੱਚ ਬਿਹਾਰ ਦੇ ਮੋਕਾਮਾ ਅਤੇ ਗੋਪਾਲਗੰਜ ਵਿਧਾਨ ਸਭਾ ਹਲਕੇ, ਮਹਾਰਾਸ਼ਟਰ ਦੇ ਅੰਧੇਰੀ (ਈ), ਹਰਿਆਣਾ ਦੇ ਆਦਮਪੁਰ, ਤੇਲੰਗਾਨਾ ਦੇ ਮੁਨੁਗੋਡੇ, ਯੂਪੀ ਦੇ ਗੋਲਾ ਗੋਰਖਨਾਥ ਅਤੇ ਓਡੀਸ਼ਾ ਦੇ ਧਾਮਨਗਰ ਸ਼ਾਮਿਲ ਹਨ। ਇਸ ਦੇ ਨਾਲ ਹੀ ਗੁਆਂਢੀ ਸੂਬੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਸੀਟ ‘ਤੇ ਵੋਟਿੰਗ ਚੱਲ ਰਹੀ ਹੈ। ਸਵੇਰੇ 9 ਵਜੇ ਤੱਕ 10.5 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਇਸ ਉਪ ਚੋਣ ਵਿੱਚ ਮੁੱਖ ਸਿਆਸੀ ਪਾਰਟੀਆਂ ਭਾਜਪਾ, ਕਾਂਗਰਸ, ਇਨੈਲੋ ਅਤੇ ਆਮ ਆਦਮੀ ਪਾਰਟੀ ਹਨ। ਹਾਲਾਂਕਿ ਮੁੱਖ ਮੁਕਾਬਲਾ ਭਾਜਪਾ ਦੇ ਭਵਿਆ ਬਿਸ਼ਨੋਈ ਅਤੇ ਕਾਂਗਰਸ ਦੇ ਜੈਪ੍ਰਕਾਸ਼ ਵਿਚਕਾਰ ਮੰਨਿਆ ਜਾ ਰਿਹਾ ਹੈ। ਭਵਿਆ ਬਿਸ਼ਨੋਈ ਦੇ ਸਾਹਮਣੇ ਜਿੱਥੇ ਪਰਿਵਾਰ ਦੇ ਗੜ੍ਹ ਨੂੰ ਬਚਾਉਣ ਦੀ ਚੁਣੌਤੀ ਹੈ। ਜੈਪ੍ਰਕਾਸ਼ ਦੇ ਬਹਾਨੇ ਸੀਨੀਅਰ ਕਾਂਗਰਸੀ ਭੁਪਿੰਦਰ ਸਿੰਘ ਹੁੱਡਾ ਦੀ ਭਰੋਸੇਯੋਗਤਾ ਦਾਅ ‘ਤੇ ਲੱਗੀ ਹੋਈ ਹੈ। ਭਾਜਪਾ ਛੱਡ ਕੇ ਆਏ ਸਤੇਂਦਰ ਸਿੰਘ ‘ਤੇ ਆਮ ਆਦਮੀ ਪਾਰਟੀ ਨੇ ਸੱਟਾ ਖੇਡਿਆ ਹੈ। ਦੂਜੇ ਪਾਸੇ ਇਨੈਲੋ ਨੇ ਕਾਂਗਰਸ ਛੱਡ ਕੇ ਆਏ ਕੁਰਦਰਾਮ ਨੰਬਰਦਾਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ।