6 ਫੁੱਟ ਲੰਬੀ ਲੋਹੇ ਦੀ ਰਾੱਡ ਹੋਈ ਨੌਜਵਾਨ ਦੀ ਛਾਤੀ ਵਿੱਚੋਂ ਆਰ ਪਾਰ
ਦੇਖੋ ਕਿੰਨੇ ਘੰਟੇ ਚੱਲਿਆ ਆਪਰੇਸ਼ਨ ਤੇ ਡਾਕਟਰਾਂ ਨੇ ਕਿਵੇਂ ਬਚਾਈ ਜਾਨ
ਚੰਡੀਗੜ੍ਹ,14 ਅਗਸਤ(ਵਿਸ਼ਵ ਵਾਰਤਾ) ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ’ ਇਹ ਗੱਲ ਬਠਿੰਡਾ ਦੇ ਵਸਨੀਕ 42 ਸਾਲਾ ਹਰਦੀਪ ਸਿੰਘ ਉੱਤੇ ਪੂਰੀ ਤਰ੍ਹਾਂ ਢੁੱਕਦੀ ਹੈ। ਇੱਕ ਦਰਦਨਾਕ ਸੜਕ ਹਾਦਸੇ ਵਿੱਚ ਹਰਦੀਪ ਦੀ ਛਾਤੀ ਵਿੱਚੋਂ 4 ਇੰਚ ਮੋਟੀ ਤੇ 6 ਫੁੱਟ ਲੰਬੀ ਲੋਹੇ ਦੀ ਰਾੱਡ ਲੰਘ ਗਈ। ਇਹ ਹਾਦਸਾ ਵੀਰਵਾਰ ਦੁਪਹਿਰ 1.30 ਵਜੇ ਬਠਿੰਡਾ-ਭੁੱਚੋ ਮੰਡੀ ਰੋਡ ‘ਤੇ ਇੱਕ ਨਿੱਜੀ ਹਸਪਤਾਲ ਦੇ ਨੇੜੇ ਵਾਪਰਿਆ। ਹਰਦੀਪ ਇੱਕ ਮਿੰਨੀ ਟਰੱਕ ਵਿੱਚ ਆਪਣੇ ਕੰਮ ਤੇ ਜਾ ਰਿਹਾ ਸੀ, ਜਦੋਂ ਗੱਡੀ ਦਾ ਟਾਇਰ ਫਟ ਗਿਆ, ਹਰਦੀਪ ਦਾ ਸੰਤੁਲਨ ਵਿਗੜ ਗਿਆ ਅਤੇ ਉਸਦੀ ਕਾਰ ਡਿਵਾਈਡਰ ਵਿੱਚ ਵੜ ਗਈ। ਜਦੋਂ ਤੱਕ ਹਰਦੀਪ ਕੁਝ ਸਮਝ ਸਕਦਾ ਸੀ, ਡਿਵਾਈਡਰ ਦੀ 4 ਇੰਚ ਮੋਟੀ ਅਤੇ 6 ਫੁੱਟ ਲੰਬੀ ਰਾੱਡ ਉਸਦੀ ਛਾਤੀ ਵਿੱਚੋਂ ਲੰਘ ਚੁੱਕੀ ਸੀ।
ਮੌਕੇ ‘ਤੇ ਮੌਜੂਦ ਲੋਕ ਹਸਪਤਾਲ ਲੈ ਕੇ ਪਹੁੰਚੇ
ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਟਾਟਾ ਮੋਟਰਜ਼ ਵਿੱਚ ਕੰਮ ਕਰਦਾ ਹੈ। ਹਰਦੀਪ ਦੀ ਹਾਲਤ ਦੇਖ ਕੇ ਮੌਕੇ ‘ਤੇ ਮੌਜੂਦ ਲੋਕ ਹੈਰਾਨ ਰਹਿ ਗਏ, ਪਰ ਕਿਸੇ ਤਰ੍ਹਾਂ ਹਿੰਮਤ ਜੁਟਾਉਂਦੇ ਹੋਏ, ਲੋਕਾਂ ਨੇ ਦਰਦ ਨਾਲ ਕੁਰਲਾ ਰਹੇ ਹਰਦੀਪ ਨੂੰ ਆਦੇਸ਼ ਹਸਪਤਾਲ ਪਹੁੰਚਾਇਆ।
ਰਾੱਡ ਦਿਲ ਤੋਂ ਅੱਧਾ ਸੈਂਟੀਮੀਟਰ ਦੂਰ ਸੀ
ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਅਬੋਹਰ ਦੇ ਵਸਨੀਕ ਹਰਦੀਪ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸਦੀ ਹਾਲਤ ਬਹੁਤ ਗੰਭੀਰ ਸੀ, ਪਹਿਲਾਂ ਇੱਕ ਕਟਰ ਨਾਲ ਹਰਦੀਪ ਦੀ ਛਾਤੀ ਵਿੱਚ ਰਾਡ ਵੱਢੀ ਗਈ, ਜਿਸ ਤੋਂ ਬਾਅਦ ਡਾਕਟਰਾਂ ਨੇ ਆਪਰੇਸ਼ਨ ਸ਼ੁਰੂ ਕੀਤਾ। ਰਾੱਡ ਦਿਲ ਤੋਂ ਅੱਧਾ ਸੈਂਟੀਮੀਟਰ ਦੀ ਦੂਰੀ ‘ਤੇ ਸੀ।ਜਿਸ ਨਾਲ ਜੇਕਰ ਦਿਲ ਨੂੰ ਨੁਕਸਾਨ ਹੁੰਦਾ ਤਾਂ ਬਚਾਉਣਾ ਮੁਸ਼ਕਲ ਸੀ। ਕਰੀਬ ਸਾਢੇ ਚਾਰ ਘੰਟਿਆਂ ਦੇ ਆਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਛਾਤੀ ਵਿੱਚੋਂ ਲੰਘੀ ਰਾਡ ਨੂੰ ਹਟਾ ਦਿੱਤਾ। ਹੁਣ ਉਹ ਖਤਰੇ ਤੋਂ ਬਾਹਰ ਹੈ, ਪਰ ਸਾਵਧਾਨੀ ਦੇ ਤੌਰ ਤੇ ਉਸਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ।
ਹਰਦੀਪ ਵਾਹਿਗੁਰੂ ਨੂੰ ਯਾਦ ਕਰਦਾ ਰਿਹਾ
ਦੁਰਘਟਨਾ ਤੋਂ ਬਾਅਦ, ਹਰਦੀਪ ਹਸਪਤਾਲ ਵਿੱਚ ਆਪਰੇਸ਼ਨ ਤੱਕ ਸਿਰਫ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰਦਾ ਰਿਹਾ। ਉਸਨੇ ਕਿਹਾ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਕਿਸੇ ਦਾ ਨੁਕਸਾਨ ਨਹੀਂ ਕੀਤਾ, ਵਾਹਿਗੁਰੂ ਮੇਰੇ ਨਾਲ ਕੁਝ ਵੀ ਬੁਰਾ ਨਹੀਂ ਹੋਣ ਦੇਵੇਗਾ।ਡਾਕਟਰ ਵੀ ਹਰਦੀਪ ਦੀ ਹਿੰਮਤ ਵੇਖ ਕੇ ਦੰਗ ਰਹਿ ਗਏ।