ਭਾਰਤ ਬਨਾਮ ਅਫਗਾਨਿਸਤਾਨ ; ਤੀਜਾ T20 ਜਾਰੀ ; ਭਾਰਤ ਨੇ ਅਫਗਾਨਿਸਤਾਨ ਲਈ ਸੈੱਟ ਕੀਤਾ ਟਾਰਗੇਟ
ਅਭਿਸ਼ੇਕ ਸ਼ਰਮਾ ਬਣੇ T20 ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਭਾਰਤੀ ਬੱਲੇਬਾਜ਼
ਚੰਡੀਗੜ੍ਹ, 17ਸਤੰਬਰ (ਵਿਸ਼ਵ ਵਾਰਤਾ) ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਟੀ-20 ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਜਿੱਥੇ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਅਫਗਾਨਿਸਤਾਨ ਨੂੰ 222 ਦੌੜਾਂ ਦਾ ਟੀਚਾ ਦਿੱਤਾ ਹੈ। ਦੱਸ ਦਈਏ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 221 ਦੌੜਾਂ ਬਣਾਈਆਂ ਹਨ।
ਅੱਜ ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਹ T20 ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਉਸਨੇ ਅਫਗਾਨਿਸਤਾਨ ਵਿਰੁੱਧ ਸਿਰਫ਼ 30 ਗੇਂਦਾਂ ਵਿੱਚ ਸੈਂਕੜਾ ਜੜਿਆ। ਇਸ ਸ਼ਾਨਦਾਰ ਬੱਲੇਬਾਜ਼ੀ ਨਾਲ ਅਭਿਸ਼ੇਕ ਨੇ ਰੋਹਿਤ ਸ਼ਰਮਾ ਦਾ ਰਿਕਾਰਡ ਤੋੜਿਆ, ਰੋਹਿਤ ਨੇ 2017 ਵਿੱਚ ਇੰਦੌਰ ਵਿਖੇ ਸ਼੍ਰੀਲੰਕਾ ਖਿਲਾਫ 35 ਗੇਂਦਾਂ ਵਿੱਚ ਸੈਂਕੜਾ ਲਗਾਇਆ ਸੀ।
ਅਭਿਸ਼ੇਕ ਨੇ 34 ਗੇਂਦਾਂ ਵਿੱਚ 108 ਦੌੜਾਂ ਬਣਾਈਆਂ। ਉਹ ਰਾਸ਼ਿਦ ਖਾਨ ਦੁਆਰਾ ਆਊਟ ਕੀਤੇ ਗਏ। ਸੰਜੂ ਸੈਮਸਨ ਵੀ ਅਰਧ-ਸੈਂਕੜਾ ਬਣਾਉਣ ਤੋਂ ਬਾਅਦ ਆਊਟ ਹੋ ਗਏ। ਉਨ੍ਹਾਂ ਨੂੰ ਅਜ਼ਮਤੁੱਲਾ ਓਮਰਜ਼ਈ ਨੇ ਪੈਵੇਲੀਅਨ ਵਾਪਸ ਭੇਜਿਆ। ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸਨ ਨੇ ਪਹਿਲੀ ਵਿਕਟ ਲਈ 59 ਗੇਂਦਾਂ ਵਿੱਚ 142 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
ਦੱਸਣਯੋਗ ਹੈ ਕਿ ਭਾਰਤ ਪਹਿਲੇ ਦੋਵੇਂ ਮੈਚ ਜਿੱਤਣ ਤੋਂ ਬਾਅਦ ਪਹਿਲਾਂ ਹੀ ਲੜੀ 2-0 ਨਾਲ ਅਜੇਤੂ ਬੜ੍ਹਤ ਬਣਾ ਚੁੱਕਾ ਹੈ।