‘370 ਦੀ ਬਿਰਯਾਨੀ’ ਵਾਲੇ ਵਿਵਾਦਿਤ ਵੀਡੀਓ ਨੂੰ ਲੈ ਕੇ ਕਾਮੇਡੀਅਨ ਪ੍ਰਣਿਤ ਮੋਰੇ ਨੇ ਮੰਗੀ ਮੁਆਫ਼ੀ
– ਕਿਹਾ- ” ਮੈਂ ਨਫ਼ਰਤ ਦਾ ਹੱਕਦਾਰ, ਪਰ…”
ਮੁੰਬਈ, 13 ਜੂਨ 2026 (ਵਿਸ਼ਵ ਵਾਰਤਾ ) ਕਾਮੇਡੀਅਨ ਪ੍ਰਣਿਤ ਮੋਰੇ ਨੇ ‘370 ਦੀ ਬਿਰਯਾਨੀ’ ਵਾਲੇ ਵੀਡੀਓ ਨੂੰ ਲੈ ਕੇ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਆਪਣਾ ਵੀਡੀਓ ਸੰਦੇਸ਼ ਜਾਰੀ ਕੀਤਾ। ਇਸ ਵਿੱਚ ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਮੁੱਦੇ ‘ਤੇ ਗੱਲ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਸਸਪੈਂਡ ਸੀ।
ਪ੍ਰਣਿਤ ਨੇ ਕਿਹਾ ਕਿ ‘370 ਦੀ ਬਿਰਯਾਨੀ’ ਵਾਲੇ ਵੀਡੀਓ ਤੋਂ ਬਾਅਦ ਲੋਕ ਉਨ੍ਹਾਂ ਨੂੰ ਕਾਫ਼ੀ ਨਫ਼ਰਤ ਕਰ ਰਹੇ ਸਨ। ਉਨ੍ਹਾਂ ਨੇ ਮੰਨਿਆ ਕਿ ਉਹ ਇਸ ਦੇ ਹੱਕਦਾਰ ਹਨ। ਉਨ੍ਹਾਂ ਮੁਤਾਬਕ, ਸ਼ੋਅ ਦੌਰਾਨ ਇੱਕ ਵਿਅਕਤੀ ਨੇ ਕਈ ਇਤਰਾਜ਼ਯੋਗ ਗੱਲਾਂ ਕਹੀਆਂ ਸਨ। ਲੋਕ ਹੱਸ ਰਹੇ ਸਨ, ਜਿਸ ਕਰਕੇ ਉਹ ਵੀ ਮਾਹੌਲ ਵਿੱਚ ਵਹਿ ਗਏ ਅਤੇ ਸਹੀ ਫ਼ੈਸਲਾ ਨਹੀਂ ਲੈ ਸਕੇ।
ਪ੍ਰਣਿਤ ਨੇ ਮੰਨਿਆ ਕਿ ਉਹ ਚਾਹੁੰਦੇ ਤਾਂ ਉਸ ਵਿਅਕਤੀ ਨੂੰ ਉੱਥੇ ਹੀ ਰੋਕ ਸਕਦੇ ਸਨ ਜਾਂ ਉਸ ਦਾ ਵਿਰੋਧ ਕਰ ਸਕਦੇ ਸਨ। ਪਰ ਅਜਿਹਾ ਨਾ ਕਰਕੇ ਉਨ੍ਹਾਂ ਨੇ ਉਸ ਨੂੰ ਇੱਕ ਪਲੇਟਫਾਰਮ ਦਿੱਤਾ, ਜਿਸ ਨਾਲ ਮਾਮਲਾ ਹੋਰ ਵਧ ਗਿਆ। ਪ੍ਰਣਿਤ ਨੇ ਕਿਹਾ ਕਿ ਇਸ ਨਾਲ ਜਿਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਉਨ੍ਹਾਂ ਤੋਂ ਉਹ ਮੁਆਫ਼ੀ ਮੰਗਦੇ ਹਨ।
ਪ੍ਰਣਿਤ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਵਿੱਚ ਚੱਲ ਰਹੀ ਕਾਨੂੰਨੀ ਕਾਰਵਾਈ ਵਿੱਚ ਅਧਿਕਾਰੀਆਂ ਦਾ ਪੂਰਾ ਸਹਿਯੋਗ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਨੂੰ ਇੱਕ ਹੋਰ ਮੌਕਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਉਨ੍ਹਾਂ ਨੂੰ ਸਬਕ ਮਿਲਿਆ ਹੈ ਅਤੇ ਉਹ ਖ਼ੁਦ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਦੱਸ ਦਈਏ ਕਿ ਐਨਸੀਡਬਲਯੂ (ਰਾਸ਼ਟਰੀ ਮਹਿਲਾ ਕਮਿਸ਼ਨ) ਨੇ ਪ੍ਰਣਿਤ ਮੋਰੇ ਅਤੇ ‘370 ਰੁਪਏ ਦੀ ਬਿਰਯਾਨੀ’ ਵਾਲਾ ਵਿਵਾਦਿਤ ਬਿਆਨ ਦੇਣ ਵਾਲੇ ਹਿਮਾਂਸ਼ੂ ਜਾਂਗੜਾ ਨੂੰ 22 ਜੂਨ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























