28th Purewal Games : ਪੁਰਸ਼ਾਂ ਵਿੱਚ ਮਿਰਜ਼ਾ ਇਰਾਨ ਤੇ ਮਹਿਲਾਵਾਂ ਵਿੱਚ ਕਾਜਲ ਸੋਨੀਪਤ ਨੇ ਜਿੱਤਿਆ ‘ਮਹਾਂਭਾਰਤ ਕੇਸਰੀ’ ਖਿਤਾਬ
ਮੁਕੰਦਪੁਰ (ਨਵਾਂਸ਼ਹਿਰ), 1 ਮਾਰਚ(ਵਿਸ਼ਵ ਵਾਰਤਾ) 28th Purewal Games : 28ਵੀਆਂ ਪੁਰੇਵਾਲ ਖੇਡਾਂ ਵਿੱਚ ਹੋਏ ਕੁਸ਼ਤੀ ਦੇ ਸੱਤ ਟਾਈਟਲਾਂ ਦੇ ਮੁਕਾਬਲਿਆਂ ਵਿੱਚ ਪੰਜਾਬ (PUNJAB) ਦੇ ਦੋ, ਹਰਿਆਣਾ ਦੇ ਤਿੰਨ, ਕੈਨੇਡਾ ਤੇ ਇਰਾਨ ਦੇ ਇਕ-ਇਕ ਖਿਤਾਬ ਜਿੱਤਿਆ।
ਕੁਸ਼ਤੀ ਦੇ ਸਾਰੇ ਟਾਈਟਲਾਂ ਲਈ ਹੋਏ ਫਸਵੇਂ ਮੁਕਾਬਲਿਆਂ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਇਰਾਨ, ਕੈਨੇਡਾ ਤੇ ਬ੍ਰਾਜ਼ੀਲ ਦੇ ਪਹਿਲਵਾਨਾਂ ਨੇ ਆਪਣੇ ਜੌਹਰ ਵਿਖਾਏ। 200 ਤੋਂ ਵੱਧ ਪਹਿਲਵਾਨਾਂ ਵਿੱਚੋਂ ਸੱਤੇ ਵਰਗਾਂ ਵਿੱਚ ਪਹਿਲੀਆਂ ਚਾਰ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਪਹਿਲਵਾਨਾਂ ਨੂੰ 10 ਲੱਖ ਰੁਪਏ ਤੋਂ ਵੱਧ ਦੇ ਨਗਦ ਇਨਾਮਾਂ ਤੋਂ ਇਲਾਵਾ ਟਾਈਟਲ, ਟਰਾਫੀ, ਬਦਾਮਾਂ ਦੀ ਥੈਲੀ ਅਤੇ ਜੂਸ ਇਨਾਮ ਵਿੱਚ ਦਿੱਤਾ।
ਪੁਰੇਵਾਲ ਭਰਾਵਾਂ ਤੇ ਪੁਰੇਵਾਲ ਸਪੋਰਟਸ ਕਲੱਬ ਵੱਲੋਂ ਕਰਵਾਈਆਂ ਜਾਂਦੀਆਂ ਖੇਡਾਂ ਦੇ ਕੁਸ਼ਤੀ ਮੁਕਾਬਲੇ ਅਮਰਦੀਪ ਸ਼ੇਰਗਿੱਲ ਯਾਦਗਾਰੀ ਕਾਲਜ ਮੁਕੰਦਪੁਰ ਦੇ ਇੰਡੋਰ ਮਲਟੀਪਰਪਜ਼ ਹਾਲ ਵਿਖੇ ਭਾਰਤ ਦੇ ਸਾਬਕਾ ਚੀਫ ਕੋਚ ਪੀ.ਆਰ. ਸੌਂਧੀ ਦੀ ਦੇਖ-ਰੇਖ ਹੇਠ ਬੀਤੀ ਦੇਰ ਸ਼ਾਮ ਸੰਪੰਨ ਹੋਏ।ਜੇਤੂ ਪਹਿਲਵਾਨਾਂ ਨੂੰ ਖੇਡਾਂ ਦੇ ਮੁੱਖ ਪ੍ਰਬੰਧਕ ਗੁਰਜੀਤ ਸਿੰਘ ਪੁਰੇਵਾਲ, ਸੁੱਖੀ ਘੁੰਮਣ, ਚਰਨਜੀਤ ਸਿੰਘ ਬਾਠ, ਪ੍ਰਿੰਸੀਪਲ ਸਰਵਣ ਸਿੰਘ, ਗੁਰਚਰਨ ਸਿੰਘ ਸ਼ੇਰਗਿੱਲ, ਨਵਦੀਪ ਸਿੰਘ ਗਿੱਲ, ਅਮਰਜੀਤ ਸਿੰਘ ਟੁੱਟ ਤੇ ਰਾਣਾ ਟੁੱਟ ਨੇ ਸਨਮਾਨਤ ਕੀਤਾ।
ਪੁਰਸ਼ਾਂ ਦੇ ਓਪਨ ਭਾਰ ਵਰਗ ਦੇ ‘ਮਹਾਂਭਾਰਤ ਕੇਸਰੀ’ ਦਾ ਖਿਤਾਬ ਮਿਰਜ਼ਾ ਇਰਾਨ ਨੇ ਜਿੱਤਿਆ ਤੇ ਵਿੱਕੀ ਮਿਰਚਪੁਰ ਉਪ ਜੇਤੂ ਰਿਹਾ। ਦੋਵਾਂ ਨੂੰ ਕ੍ਰਮਵਾਰ ਸਵਾ ਲੱਖ ਰੁਪਏ ਤੇ 75 ਹਜ਼ਾਰ ਰੁਪਏ ਦਾ ਇਨਾਮ ਮਿਲਿਆ।ਮਹਿਲਾਵਾਂ ਦੇ ਓਪਨ ਭਾਰ ਵਰਗ ਦੇ ‘ਮਹਾਂਭਾਰਤ ਕੇਸਰੀ’ ਦਾ ਖਿਤਾਬ ਕਾਜਲ ਸੋਨੀਪਤ ਨੇ ਜਸ਼ਨਵੀਰ ਅੰਮ੍ਰਿਤਸਰ ਨੂੰ ਹਰਾ ਕੇ ਜਿੱਤਿਆ। ਜੇਤੂ ਨੂੰ 50 ਹਜ਼ਾਰ ਰੁਪਏ ਤੇ ਉਪ ਜੇਤੂ ਨੂੰ 35 ਹਜ਼ਾਰ ਰੁਪਏ ਦਾ ਇਨਾਮ ਮਿਲਿਆ।
ਮੁੰਡਿਆਂ ਦੇ 90 ਕਿਲੋ ਤੱਕ ਭਾਰ ਵਰਗ ਲਈ ‘ਸ਼ੇਰ ਏ ਹਿੰਦ’ ਦਾ ਖਿਤਾਬ ਸਚਿਨ ਪਟਿਆਲਾ ਨੇ ਪਰਗਟ ਪਟਿਆਲਾ ਨੂੰ ਹਰਾ ਕੇ ਜਿੱਤਿਆ। ਜੇਤੂ ਨੂੰ 50 ਹਜ਼ਾਰ ਰੁਪਏ ਤੇ ਉਪ ਜੇਤੂ ਨੂੰ 35 ਹਜ਼ਾਰ ਰੁਪਏ ਦਾ ਇਨਾਮ ਮਿਲਿਆ। ਮੁੰਡਿਆਂ ਦੇ 80 ਕਿਲੋ ਤੱਕ ਭਾਰ ਵਰਗ ਲਈ ‘ਆਫ਼ਤਾਬ ਏ ਹਿੰਦ’ ਦਾ ਟਾਈਟਲ ਜੈਦੀਪ ਰੋਹਤਕ ਨੇ ਚੰਦਨ ਮੋਰ ਮਿਰਚੀਪੁਰ ਨੂੰ ਹਰਾ ਕੇ ਜਿੱਤਿਆ। ਜੇਤੂ ਨੂੰ 40 ਹਜ਼ਾਰ ਰੁਪਏ ਤੇ ਉਪ ਜੇਤੂ ਨੂੰ 25 ਹਜ਼ਾਰ ਰੁਪਏ ਦਾ ਇਨਾਮ ਮਿਲਿਆ।
ਮੁੰਡਿਆਂ ਦੇ 65 ਕਿਲੋ ਤੱਕ ਭਾਰ ਵਰਗ ਲਈ ‘ਸਿਤਾਰ ਏ ਹਿੰਦ’ ਦਾ ਟਾਈਟਲ ਜਸਕਰਨ ਸਿੰਘ ਪਟਿਆਲਾ ਨੇ ਸਾਹਿਲ ਅੰਮ੍ਰਿਤਸਰ ਨੂੰ ਹਰਾ ਕੇ ਜਿੱਤਿਆ। ਜੇਤੂ ਨੂੰ 40 ਹਜ਼ਾਰ ਰੁਪਏ ਤੇ ਉਪ ਜੇਤੂ ਨੂੰ 25 ਹਜ਼ਾਰ ਰੁਪਏ ਦਾ ਇਨਾਮ ਮਿਲਿਆ। ਕੁੜੀਆਂ ਦੇ 60 ਕਿਲੋ ਤੱਕ ਭਾਰ ਵਰਗ ਲਈ ‘ਮਹਾਂਭਾਰਤ ਕੁਮਾਰੀ’ ਦਾ ਖਿਤਾਬ ਮੀਨਾਕਸ਼ੀ ਜੀਂਦ ਨੇ ਮਨਪ੍ਰੀਤ ਕੌਰ ਫਰੀਦਕੋਟ ਨੂੰ ਹਰਾ ਕੇ ਜਿੱਤਿਆ। ਜੇਤੂ ਨੂੰ 30 ਹਜ਼ਾਰ ਰੁਪਏ ਤੇ ਉਪ ਜੇਤੂ ਨੂੰ 25 ਹਜ਼ਾਰ ਰੁਪਏ ਦਾ ਇਨਾਮ ਮਿਲਿਆ। 17 ਸਾਲ ਤੱਕ ਉਮਰ ਦੇ ਓਪਨ ਭਾਰ ਵਰਗ ‘ਪੰਜਾਬ ਕੁਮਾਰ’ ਦਾ ਖਿਤਾਬ ਉਦੇਪ੍ਰਤਾਪ ਸਿੰਘ ਕੈਨੇਡਾ ਨੇ ਗੁਰਇਕਮਾਨ ਸਿੰਘ ਘਨੌਰ ਨੂੰ ਹਰਾ ਕੇ ਜਿੱਤਿਆ। ਜੇਤੂ ਨੂੰ 15 ਹਜ਼ਾਰ ਰੁਪਏ ਤੇ ਉਪ ਜੇਤੂ ਨੂੰ 10 ਹਜ਼ਾਰ ਰੁਪਏ ਦਾ ਇਨਾਮ ਮਿਲਿਆ।
ਇਸ ਮੌਕੇ ਪ੍ਰਸਿੱਧ ਖੇਡ ਕੁਮੈਂਟੇਰਰ ਪ੍ਰੋ ਮੱਖਣ ਸਿੰਘ ਹਕੀਮਪੁਰ, ਗੁਰਬਖਸ਼ ਸਿੰਘ ਸੰਘੇੜਾ ਕੈਨੇਡਾ, ਕਬੱਡੀ ਕੋਚ ਹਰਪ੍ਰੀਤ ਸਿੰਘ, ਕੁਲਤਾਰ ਸਿੰਘ, ਮਾਸਟਰ ਜੋਗਾ ਸਿੰਘ, ਰਾਜੀਵ ਸ਼ਰਮਾ, ਅਵਤਾਰ ਸਿੰਘ ਪੁਰੇਵਾਲ, ਲਹਿੰਬਰ ਸਿੰਘ ਪੁਰੇਵਾਲ, ਕੁਲਦੀਪ ਸਿੰਘ ਪੁਰੇਵਾਲ, ਨਛੱਤਰ ਸਿੰਘ ਬੈਂਸ, ਹਰਅਵਤਾਰ ਸਿੰਘ, ਹਰਮੇਸ਼ ਸਿੰਘ ਸੰਗਰ, ਰਵਿੰਦਰ ਸਿੰਘ ਚਹਿਲ, ਕਮਲ ਆਦਿ ਹਾਜ਼ਰ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/