ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਆਉਣਗੇ ਚੰਡੀਗੜ੍ਹ
ਚੰਡੀਗੜ੍ਹ,22ਦਸੰਬਰ(ਵਿਸ਼ਵ ਵਾਰਤਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ਼ੁੱਕਰਵਾਰ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ। ਜਿਸ ਨੂੰ ਲੈ ਕੇ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਵੀਰਵਾਰ ਨੂੰ ਵੀਵੀਆਈਪੀ ਮੂਵਮੈਂਟ ਦੀ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ। ਦੱਸ ਦਈਏ ਕਿ ਚੰਡੀਗੜ੍ਹ ਫੇਰੀ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਅੱਜ ਸੈਕਟਰ-26 ਨੂੰ ਜਾਣ ਵਾਲੀਆਂ ਕਈ ਸੜਕਾਂ ਸ਼ਾਮ ਨੂੰ ਬੰਦ ਰਹਿਣਗੀਆਂ। ਵੀਰਵਾਰ ਨੂੰ ਵੀ.ਵੀ.ਆਈ.ਪੀ ਮੂਵਮੈਂਟ ਲਈ ਨਿਰਧਾਰਿਤ ਰੂਟ ‘ਤੇ ਟ੍ਰੈਫਿਕ ਪੁਲਸ ਨੇ ਸਵੇਰੇ ਅਤੇ ਦੁਪਹਿਰ ਸਮੇਂ ਵਾਹਨਾਂ ਦੇ ਕਾਫਲੇ ਨਾਲ ਪੂਰੀ ਰਿਹਰਸਲ ਕੀਤੀ। ਅਮਿਤ ਸ਼ਾਹ ਅੱਜ ਦੁਪਹਿਰ 3:50 ‘ਤੇ ਚੰਡੀਗੜ੍ਹ ਪਹੁੰਚਣਗੇ। ਉਸ ਸਮੇਂ ਨਿਰਧਾਰਿਤ ਰੂਟ ‘ਤੇ ਆਵਾਜਾਈ ਘੱਟ ਹੋਣ ਕਾਰਨ ਸਥਿਤੀ ਆਮ ਵਾਂਗ ਰਹਿਣ ਦੀ ਉਮੀਦ ਹੈ ਪਰ ਸੈਕਟਰ-26 ਸਥਿਤ ਸੀ.ਸੀ.ਈ.ਟੀ. ਤੋਂ ਹਵਾਈ ਅੱਡੇ ਨੂੰ ਜਾਣ ਸਮੇਂ ਸ਼ਾਮ ਵੇਲੇ ਵੀਵੀਆਈਪੀ ਮੂਵਮੈਂਟ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਟਰਾਂਸਪੋਰਟ ਲਾਈਟ ਪੁਆਇੰਟ, ਟ੍ਰਿਬਿਊਨ ਚੌਂਕ ਤੋਂ ਹੱਲੋਮਾਜਰਾ ਲਾਈਟ ਪੁਆਇੰਟ ਤੱਕ ਆਵਾਜਾਈ ਨੂੰ ਰੋਕਿਆ ਜਾਂ ਮੋੜਿਆ ਜਾਵੇਗਾ। ਅਜਿਹੇ ‘ਚ ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਸ਼ੁੱਕਰਵਾਰ ਸ਼ਾਮ 6 ਤੋਂ 8 ਵਜੇ ਤੱਕ ਵੀ.ਵੀ.ਆਈ.ਪੀ ਮੂਵਮੈਂਟ ਰੂਟ ‘ਤੇ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ।