26 ਨਵੰਬਰ ਨੂੰ ਦਿੱਲੀ ਧਰਨੇ ਵੱਡੀ ਗਿਣਤੀ ਵਿੱਚ ਜਾਣਗੇ ਕਿਸਾਨ, ਨੌਜਵਾਨ ਅਤੇ ਔਰਤਾ
ਪਿੰਡਾਂ ਵਿੱਚ ਕੀਤੇ ਜਾਣਗੇ ਔਰਤਾਂ ਵੱਲੋਂ ਮੁਜਾਹਰੇ ਅਤੇ ਨੌਜਵਾਨਾਂ ਵੱਲੋਂ ਮਸ਼ਾਲ ਮਾਰਚ
ਬਠਿੰਡਾ 11 ਨਵੰਬਰ ( ਵਿਸ਼ਵ ਵਾਰਤਾ )-11 ਨਵੰਬਰ ਬਠਿੰਡਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੀ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰਾਂ ਅਤੇ ਸੂਬਾ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਜਾਰੀ ਰਹਿਣਗੇ ਅਤੇ 26 ਅਤੇ 27 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਦੇ ਧਰਨੇ ਵਿੱਚ ਸ਼ਾਮਲ ਹੋਣਗੇ ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੀ ਤਿਆਰੀ ਲਈ 21 22 ਅਤੇ 23 ਨਵੰਬਰ ਨੂੰ ਪਿੰਡਾਂ ਵਿਚ ਔਰਤਾਂ ਦੇ ਮੁਜ਼ਾਹਰੇ ਕੀਤੇ ਜਾਣਗੇ ਅਤੇ ਸ਼ਾਮ ਨੂੰ ਨੌਜਵਾਨਾਂ ਵੱਲੋਂ ਮਸ਼ਾਲ ਮਾਰਚ ਕੀਤੇ ਜਾਣਗੇ।ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਕੈਪਟਨ ਸਰਕਾਰ ਖ਼ਿਲਾਫ਼ 18 ਨਵੰਬਰ ਨੂੰ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣਗੇ। ਇਨ੍ਹਾਂ ਮੰਗ ਪੱਤਰਾਂ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਪੰਜਾਬ ਮੰਡੀਕਰਨ act 2017 ਰੱਦ ਕਰੋ, 2013 ਅਤੇ 2006 ਵਾਲੀਆਂ ਠੇਕਾ ਖੇਤੀ ਕਨੂੰਨੀ ਸੋਧਾਂ ਵੀ ਰੱਦ ਕੀਤੀਆਂ ਜਾਣ, ਪੰਜਾਬ ਸਰਕਾਰ ਦੁਆਰਾ ਤਿਆਰ ਕੀਤਾ ਠੇਕਾ ਖੇਤੀ ਬਿੱਲ 2019 ਵਾਪਸ ਲਿਆ ਜਾਵੇ, ਕੇਂਦਰ ਦੇ ਕਿਸਾਨ ਮਾਰੂ ਪਰਾਲੀ ਪ੍ਰਦੂਸ਼ਨ ਆਰਡੀਨੈਂਸ (1 ਕਰੋੜ ਰੁਪਏ ਜ਼ੁਰਮਾਨਾ ਅਤੇ 5 ਸਾਲ ਦੀ ਸਜ਼ਾ)ਨੂੰ ਲਾਗੂ ਕਰਕੇ ਜਾਂ ਦਫ਼ਾ 188 ਤਹਿਤ ਦਰਜ ਕੀਤੇ ਜਾ ਰਹੇ ਪੁਲਿਸ ਕੇਸ ਰੱਦ ਕੀਤੇ ਜਾਣ ਅਤੇ ਕਿਸਾਨ ਮਾਰੂ ਖੇਤੀ ਨੀਤੀਆਂ ਵਿਰੁੱਧ ਚੱਲ ਰਹੇ ਮੌਜੂਦਾ ਸੰਘਰਸ਼ ਦੌਰਾਨ ਸੰਘਰਸ਼ਸ਼ੀਲ ਕਿਸਾਨਾਂ-ਮਜ਼ਦੂਰਾਂ ਸਿਰ ਮੜੇ ਪੁਲਿਸ ਕੇਸ ਰੱਦ ਕੀਤੇ ਜਾਣ। ਮੀਟਿੰਗਾਂ ਨੂੰ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ , ਸਿੰਗਾਰਾ ਸਿੰਘ ਅਤੇ ਹਰਿੰਦਰ ਕੌਰ ਬਿੰਦੂ ਨੇ ਵੀ ਸੰਬੋਧਨ ਕੀਤਾ।