ਭਾਰਤ ਨੇ ਤੀਜੇ ਅਤੇ ਆਖ਼ਰੀ ਮੈਚ ਵਿੱਚ ਸ੍ਰੀਲੰਕਾ ਨੂੰ ਹਰਾ ਕੇ ਸੀਰੀਜ਼ ’ਤੇ ਕੀਤਾ ਕਬਜ਼ਾ
ਚੰਡੀਗੜ੍ਹ, 8 ਜਨਵਰੀ (ਵਿਸ਼ਵ ਵਾਰਤਾ) ਭਾਰਤ ਨੇ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਦਾ ਤੀਜਾ ਅਤੇ ਫੈਸਲਾਕੁੰਨ ਮੈਚ 91 ਦੌੜਾਂ ਨਾਲ ਜਿੱਤ ਲਿਆ ਹੈ। ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ। ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਸਟੇਡੀਅਮ ‘ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 228 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਇਸ ਤੋਂ ਬਾਅਦ ਸ੍ਰੀਲੰਕਾ ਦੇ ਬੱਲੇਬਾਜ਼ 16.4 ਓਵਰਾਂ ਵਿੱਚ 137 ਦੌੜਾਂ ਬਣਾ ਕੇ ਆਊਟ ਹੋ ਗਏ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 228 ਦੌੜਾਂ ਬਣਾਈਆਂ। ਭਾਰਤ ਦੀ ਜਿੱਤ ਦੇ ਹੀਰੋ ਸੂਰਿਆਕੁਮਾਰ ਯਾਦਵ ਸਨ। ਉਸ ਨੇ 51 ਗੇਂਦਾਂ ‘ਤੇ 112 ਦੌੜਾਂ ਬਣਾਈਆਂ। ਸੂਰਿਆਕੁਮਾਰ ਨੇ 45 ਗੇਂਦਾਂ ‘ਤੇ ਸੈਂਕੜਾ ਪੂਰਾ ਕੀਤਾ। ਉਸ ਤੋਂ ਇਲਾਵਾ ਸ਼ੁਭਮਨ ਗਿੱਲ ਨੇ 36 ਗੇਂਦਾਂ ਵਿੱਚ 46 ਦੌੜਾਂ ਬਣਾਈਆਂ ਜਦਕਿ ਰਾਹੁਲ ਤ੍ਰਿਪਾਠੀ ਨੇ 16 ਗੇਂਦਾਂ ਵਿੱਚ 35 ਦੌੜਾਂ ਬਣਾਈਆਂ। ਦਿਲਸ਼ਾਨ ਮਦੁਸ਼ੰਕਾ ਨੇ 2 ਵਿਕਟਾਂ ਹਾਸਲ ਕੀਤੀਆਂ। ਕਾਸੁਨ ਰਜਿਥਾ, ਚਮਿਕਾ ਕਰੁਣਾਰਤਨੇ ਅਤੇ ਹਸਰੰਗਾ ਨੂੰ ਇਕ-ਇਕ ਵਿਕਟ ਮਿਲੀ।























