ਕੋਰੋਨਾ ਦੇ ਸੰਬੰਧ ਵਿੱਚ ਕੇਂਦਰੀ ਸਿਹਤ ਮੰਤਰੀ ਦੀ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਜਾਰੀ
ਨਵੇਂ ਸਾਲ ਦੇ ਜਸ਼ਨ ਤੇ ਇਕੱਠ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਹੋ ਸਕਦੇ ਹਨ ਜਾਰੀ
ਚੰਡੀਗੜ੍ਹ, 21 ਦਸੰਬਰ(ਵਿਸ਼ਵ ਵਾਰਤਾ)-ਚੀਨ ‘ਚ ਕੋਰੋਨਾ ਦੇ ਵਧਦੇ ਮਾਮਲੇ ਫਿਰ ਤੋਂ ਡਰਾਉਣ ਲੱਗੇ ਹਨ। ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਅਲਰਟ ‘ਤੇ ਹੈ। ਕੇਂਦਰੀ ਸਿਹਤ ਮੰਤਰੀ ਡਾ.ਮਨਸੁਖ ਮਾਂਡਵੀਆ ਦੀ ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ‘ਚ ਕੁਝ ਵੱਡੇ ਫੈਸਲੇ ਲਏ ਜਾ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਨਵੇਂ ਸਾਲ ਤੇ ਇਕੱਠਾਂ ਨੂੰ ਲੈ ਕੇ ਨਵੇਂ ਨਿਯਮ ਬਣਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਵਿਦੇਸ਼ੀ ਉਡਾਣਾਂ ਨੂੰ ਘਟਾਉਣ ਜਾਂ ਰੋਕਣ ‘ਤੇ ਵੀ ਚਰਚਾ ਹੋ ਸਕਦੀ ਹੈ।
ਗੌਰਤਲਬ ਹੈ ਕਿ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਬੀਤੇ ਦਿਨ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ ਹੈ। ਪੱਤਰ ‘ਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਸਾਰੇ ਸਕਾਰਾਤਮਕ ਮਾਮਲਿਆਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਜਾਣ, ਤਾਂ ਜੋ ਕੋਰੋਨਾ ਦੇ ਰੂਪ ਦਾ ਪਤਾ ਲਗਾਇਆ ਜਾ ਸਕੇ।