ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ :
ਚੰਡੀਗੜ੍ਹ 21 ਨਵੰਬਰ(ਵਿਸ਼ਵ ਵਾਰਤਾ)- ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਆਪਣੇ ਬੇਟੇ ਨੂੰ ਇਨਸਾਫ ਦਿਵਾਉਣ ਲਈ ਪਿਛਲੇ 3 ਦਿਨਾਂ ਤੋਂ ਯੂ.ਕੇ. ਵਿੱਚ ਹਨ। ਉੱਥੇ ਉਹ ਲਗਾਤਾਰ ਆਪਣੇ ਬੇਟੇ ਸਿੱਧੂ ਮੂਸੇਵਾਲਾ ਦੇ ਸਮਰਥਕਾਂ ਨੂੰ ਮਿਲ ਰਹੇ ਹਨ। ਪਰ ਇਸ ਦੌਰਾਨ ਉਹ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਸੰਧੂ, ਜੋ ਕਿ ਯੂ.ਕੇ. ਵਿੱਚ ਸੈਟਲ ਹੈ, ਨੂੰ ਵੀ ਮਿਲੇ ਹਨ। ਰੁਪਿੰਦਰ ਵੀ ਆਪਣੇ ਪਤੀ ਨੂੰ ਇਨਸਾਫ ਦਿਵਾਉਣ ਲਈ ਯਤਨ ਕਰ ਰਹੀ ਹੈ।। ਬਲਕੌਰ ਸਿੰਘ ਅਤੇ ਚਰਨ ਕੌਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਵਿਦੇਸ਼ ਗਏ ਹਨ। ਇਸ ਦੌਰਾਨ ਉਹ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਸੰਧੂ ਨੂੰ ਵੀ ਮਿਲੇ ਹਨ। ਉਨ੍ਹਾਂ ਰੁਪਿੰਦਰ ਕੌਰ ਨੂੰ ਹਿੰਮਤ ਨਾਲ ਇਨਸਾਫ਼ ਲਈ ਲੜਦੇ ਰਹਿਣ ਲਈ ਕਿਹਾ ਹੈ। ਦੱਸ ਦਈਏ ਕਿ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਦੀ ਮੌਤ ਪਿੱਛੇ ਗੈਂਗਸਟਰਾਂ ਦਾ ਹੱਥ ਹੈ। ਨਕੋਦਰ ‘ਚ ਕਬੱਡੀ ਮੈਚ ਦੌਰਾਨ ਅੰਬੀਆਂ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਵੇਂ ਪਰਿਵਾਰ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ। ਇਹੀ ਕਾਰਨ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਰੁਪਿੰਦਰ ਕੌਰ ਸੰਧੂ ਦੇ ਯੂ.ਕੇ ਸਥਿਤ ਘਰ ਪਹੁੰਚੇ।