2 ਕਾਰਾਂ ਦੀ ਆਹਮੋ-ਸਾਹਮਣੇ ਟੱਕਰ, ਚਾਰ ਦੀ ਮੌਤ ਤੇ ਕਈ ਜ਼ਖ਼ਮੀ
ਮਾਨਸਾ, 15 ਮਾਰਚ(ਵਿਸ਼ਵ ਵਾਰਤਾ) ਮਾਨਸਾ-ਸੁਨਾਮ ਮੁੱਖ ਮਾਰਗ ’ਤੇ ਪਿੰਡ ਬੀਰ ਕਲਾਂ (ਸੰਗਰੂਰ) ਨੇੜੇ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਜਣੇ ਗੰਭੀਰ ਜਖ਼ਮੀ ਹੋ ਗਏ, ਜਿੰਨਾਂ ਨੂੰ ਇਲਾਜ ਲਈ ਪਟਿਆਲਾ ਅਤੇ ਬਠਿੰਡਾ ਰੈਫ਼ਰ ਕੀਤਾ ਗਿਆ ਹੈ।
ਹਾਦਸੇ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਖਾਂ ਦਾ ਇਲਾਜ ਕਰਵਾਉਣ ਲਈ ਮੋਹਾਲੀ ਫੋਰਟਿਸ ਹਸਪਤਾਲ ਤੋਂ ਪਰਤ ਰਹੇ ਸਿਰਸਾ ਨਿਵਾਸੀਆਂ ਦੀ ਕਾਰ ਅਤੇ ਬਠਿੰਡਾ ਦੇ ਪਿੰਡ ਮਾੜੀ ਤੋਂ ਪਟਿਆਲਾ ਜਾ ਰਹੇ ਲੋਕਾਂ ਦੀ ਕਾਰ ਆਪਸ ਵਿੱਚ ਆਹਮੋ-ਸਾਹਮਣੇ ਟਕਰਾ ਗਈਆਂ।
ਸੁਨਾਮ ਦੇ ਐਸਐਚਓ ਲਖਵੀਰ ਸਿੰਘ ਨੇ ਪ੍ਰਸਾਰ ਭਾਰਤੀ ਦੇ ਇਸ ਪੱਤਰਕਾਰ ਨੂੰ ਦੱਸਿਆ ਕਿ ਦੋ ਬਜ਼ੁਰਗਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਨੌਜਵਾਨ ਦੀ ਸੁਨਾਮ ਦੇ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੰਜ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸੁਨਾਮ ਤੋਂ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ,ਜਿਨ੍ਹਾਂ ਵਿੱਚੋਂ ਇੱਕ ਬਜ਼ੁਰਗ ਦੀ ਪਟਿਆਲਾ ਵਿੱਚ ਮੌਤ ਹੋ ਗਈ, ਜਦੋਂ ਕਿ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮਿ੍ਰਤਕਾਂ ਵਿੱਚ ਹਰਵਿੰਦਰ ਸਿੰਘ, ਸੁਰਜੀਤ ਕੌਰ,ਹਰਿੰਦਰ ਸਿੰਘ ਅਤੇ ਸਰਬਜੀਤ ਕੌਰ ਸ਼ਾਮਲ ਹਨ, ਜਦੋਂ ਕਿ ਜ਼ਖ਼ਮੀਆਂ ਵਿੱਚੋਂ ਮਨਪ੍ਰੀਤ ਸਿੰਘ,ਰਣਜੀਤ ਕੌਰ,ਅਮਨਦੀਪ ਸਿੰਘ ਨੂੰ ਬਠਿੰਡਾ ਅਤੇ ਸਚਦੀਪ ਸਿੰਘ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵਿਭਾਗੀ ਕਾਰਵਾਈ ਆਰੰਭ ਕਰ ਦਿੱਤੀ ਹੈ।