1984 ਦੇ ਸਿੱਖ ਕਤਲੇਆਮ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ, 5ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਨਵਜੋਤ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ । ਇਸ ਦੌਰਾਨ ਉਹਨਾਂ ਨੇ ਸਭ ਨੂੰ ਦੱਸਿਆ ਕਿ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਪਰ,ਉਹ ਅਹੁਦੇ ਦਾ ਕਾਰਜਭਾਰ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਤੋਂ ਬਾਅਦ ਹੀ ਸੰਭਾਲਣਗੇ। ਇਸ ਪ੍ਰੈਸ ਵਾਰਤਾ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਤੋਂ 1984 ਸਿੱਖ ਕਤਲੇਆਮ ਉਤੇ ਇਕ ਸਵਾਲ ਪੁੱਛਿਆ ਗਿਆ, ਕੀ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਤੁਸੀਂ ਇਮਾਨਦਾਰ ਹੋ, ਸ਼ਿੱਦਤ ਅਤੇ ਸੱਚਾਈ ਹੀ ਤੁਹਾਡੀ ਰਾਜਨੀਤੀ ਹੈ ਤਾਂ ਕੀ ਤੁਸੀਂ ਕਾਂਗਰਸ ਦੇ ਕਾਰਜਕਾਲ ਦੌਰਾਨ ਹੋਏ 1984 ਵਿੱਚ ਸਿੱਖਾਂ ਦੇ ਕਤਲੇਆਮ ਵਿੱਚ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਵੀ ਸਟੈਂਡ ਲਵੋਗੇ ? ਤਾਂ ਇਸ ਸਵਾਲ ਦਾ ਜਵਾਬ ਸਿੱਧੂ ਨੇ ਨਹੀਂ ਦਿੱਤਾ। ਉਸ ਤੋਂ ਬਾਅਦ ਇਹ ਹੀ ਸਵਾਲ ਵਾਰ-ਵਾਰ ਪੁੱਛੇ ਜਾਣ ਤੇ ਵੀ ਇਸ ਦਾ ਜਵਾਬ ਸਿੱਧੂ ਨੇ ਨਹੀਂ ਦਿੱਤਾ। ਨਵਜੋਤ ਸਿੱਧੂ ਇਸ ਸਵਾਲ ਦਾ ਜਵਾਬ ਦੇਣ ਤੋਂ ਬਚਦੇ ਹੋਏ ਨਜ਼ਰ ਆਏ । ਇਸ ਸਵਾਲ ਨੂੰ ਅਣਸੁਣਿਆ ਕਰਦੇ ਹੋਏ ਉਹ ਇਸਦਾ ਜਵਾਬ ਦਿੱਤੇ ਬਿਨਾਂ ਹੀ ਪ੍ਰੈਸ ਕਾਨਫਰੰਸ ਨੂੰ ਛੱਡ ਕੇ ਚਲੇ ਗਏ।
ਇਸ ਤੋਂ ਇਲਾਵਾ ਅੱਜ ਦੀ ਪ੍ਰੈਸ ਵਾਰਤਾ ਵਿੱਚ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਕਾਰਗੁਜਾਰੀ ਤੇ ਉਸ ਸਮੇਂ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਜਦੋਂ ਉਹਨਾਂ ਨੇ ਕਿਹਾ ਕਿ ਸਰਕਾਰ ਦੱਸੇ ਕਿ ਹੁਣ ਆਪਣੇ ਕਾਰਜਕਾਲ ਦੇ 50 ਦਿਨਾਂ ਦੇ ਵਿੱਚ ਮੌਜੂਦਾ ਸਰਕਾਰ ਨੇ ਬੇਅਦਬੀ ਮਾਮਲਿਆਂ ਦੇ ਇਨਸਾਫ ਅਤੇ ਡਰੱਗ ਰੈਕੇਟ ਨੂੰ ਠੱਲ੍ਹ ਪਾਉਣ ਲਈ ਕਿਹੜੇ ਕਦਮ ਚੁੱਕੇ ਹਨ। ਨਵੇਂ ਮੁੱਖ ਮੰਤਰੀ ਦੀ ਨਿਯੁਕਤੀ ਬੇਅਦਬੀ ਦੇ ਮਾਮਲਿਆਂ ਦਾ ਇੰਨਸਾਫ ਕਰਨ ਅਤੇ ਡਰੱਗ ਰੈਕੇਟ ਨਾਲ ਜੁੜੇ ਨਸ਼ਾ ਕਾਰੋਬਾਰੀਆਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਉਣਾ ਸੀ। ਸਿੱਧੂ ਨੇ ਕਿਹਾ ਮੌਜੂਦਾ ਸਰਕਾਰ ਦੇ ਵੀ 50 ਦਿਨ ਪੂਰੇ ਹੋ ਚੁੱਕੇ ਹਨ। ਪਰ,ਹਜੇ ਤੱਕ ਐਸਟੀਐਫ ਦੀ ਰਿਪੋਰਟ ਜਨਤਕ ਨਹੀਂ ਹੋਈ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਵਿੱਚ ਹਿੰਮਤ ਨਹੀਂ ਹੈ ਤਾਂ ਉਹ ਪਾਰਟੀ ਵੱਲੋਂ ਰਿਪੋਰਟ ਜਨਤਕ ਕਰਕੇ ਦਿਖਾ ਸਕਦੇ ਹਨ।





















