17 ਜਨਵਰੀ ਤੱਕ ਮਨਾਇਆ ਜਾਵੇਗਾ ਸੜ੍ਹਕ ਸੁਰੱਖਿਆ ਸਪਤਾਹ
ਜਿਲ੍ਹਾ ਸਾਂਝ ਕੇਂਦਰ, ਅੰਮ੍ਰਿਤਸਰ ਸ਼ਹਿਰ ਅਤੇ ਟਰੈਫਿਕ ਪੁਲਿਸ, ਕਮਿਸ਼ਨਰੇਟ ਵੱਲੋਂ ਸਰੂਪ ਰਾਣੀ ਕਾਲਜ ਵਿਖੇ ਮਨਾਇਆ ਗਿਆ ਸੜਕ ਸੁਰੱਖਿਆ ਹਫਤਾ
ਅੰਮ੍ਰਿਤਸਰ 12 ਜਨਵਰੀ 2023 : ਸ਼੍ਰੀਮਤੀ ਗੁਰਪ੍ਰੀਤ ਕੌਰ ਦਿਓ, ਆਈ.ਪੀ.ਐਸ., ਵਧੀਕ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫੇਅਰਜ਼ ਡਵੀਜ਼ਨ, ਪੰਜਾਬ, ਸ੍ਰ: ਜਸਕਰਨ ਸਿੰਘ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ, ਅੰਮ੍ਰਿਤਸਰ ਸ਼ਹਿਰ, ਸ੍ਰੀ ਰਾਜੇਸ਼ ਕੱਕੜ, ਸਹਾਇਕ ਕਮਿਸ਼ਨਰ ਪੁਲਿਸ ਟ੍ਰੈਫਿਕ ਅੰਮ੍ਰਿਤਸਰ ਅਤੇ ਸ਼੍ਰੀਮਤੀ ਤ੍ਰਿਪਤਾ ਸੂਦ, ਪੀ.ਪੀ.ਐਸ., ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ, ਕਮਿਸ਼ਨਰੇਟ ਅੰਮ੍ਰਿਤਸਰ ਦੀ ਯੋਗ ਅਗਵਾਈ ਅਤੇ ਪ੍ਰਿੰਸੀਪਲ ਪ੍ਰੋਫੈਸਰ ਡਾ: ਦਲਜੀਤ ਕੌਰ, ਡਾ: ਸੁਰਿੰਦਰ ਕੌਰ ਵਾਈਸ ਪ੍ਰਿੰਸੀਪਲ ਦੇ ਸਹਿਯੋਗ ਨਾਲ ਭਾਰਤ ਵਿੱਚ 11 ਜਨਵਰੀ ਤੋਂ 17 ਜਨਵਰੀ 2023 ਤੱਕ ਮਨਾਏ ਜਾਣ ਵਾਲੇ ਸੜਕ ਸੁਰੱਖਿਆ ਹਫਤੇ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਇੰਸਪੈਕਟਰ ਪਰਮਜੀਤ ਸਿੰਘ, ਇੰਚਾਰਜ ਜਿਲ੍ਹਾ ਸਾਂਝ ਕੇਂਦਰ, ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਵਿਦਿਆਰਥੀਆਂ ਨੂੰ ਮੋਟਰ ਵਹੀਕਲ ਐਕਟ 2018 ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸੜਕ ’ਤੇ ਚੱਲਣ ਦੇ ਨਿਯਮਾਂ, ਸੜਕ ਹਾਦਸਿਆਂ ਤੋਂ ਬਚਾਅ ਅਤੇ ਸੜਕ ਹਾਦਸਾ ਪੀੜਤਾਂ ਦੀ ਮਦਦ ਕਰਨ ਸਬੰਧੀ ਸਬੰਧੀ ਸੁਝਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਓਵਰ ਸਪੀਡਿੰਗ ਨਾ ਕਰਨ, ਸੀਟ ਬੈਲ ਲਗਾਉਣ, ਹੈਲਮਟ ਪਹਿਨਣ, ਡਰਾਈਵਿੰਗ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ, ਰੈੱਡ ਲਾਈਟ ਜੰਪ ਨਾ ਕਰਨ ਆਦਿ ਬਾਰੇ ਦੱਸਿਆ ਗਿਆ।
ਇਸ ਮੌਕੇ ਡਾ: ਦਲਜੀਤ ਕੌਰ, ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਟਰੈਫਿਕ ਨਿਯਮ ਅਪਨਾਉਣ ਦੀ ਅਪੀਲ ਕੀਤੀ। ਪ੍ਰੋਗਰਾਮ ਵਿੱਚ ਰੋਡ ਸੇਫਟੀ ਸੈੱਲ ਵੱਲੋਂ ਡਾ: ਵੰਦਨਾ, ਮਿਸ ਮਨਜੀਤ ਕੌਰ ਮਿਨਹਾਸ, ਮਿਸ ਮਾਨਸੀ ਅਤੇ ਟਰੈਫਿਕ ਐਜੂਕੇਸ਼ਨ ਸੈੱਲ, ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਐਚ.ਸੀ. ਸਲਵੰਤ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ। ਪ੍ਰੋਗਰਾਮ ਦੌਰਾਨ ਐਚ.ਸੀ. ਸਲਵੰਤ ਸਿੰਘ ਵੱਲੋਂ ਟਰੈਫਿਕ ਚਿੰਨ੍ਹਾਂ ਦੀ ਮਹੱਤਤਾ ਅਤੇ ਸੰਕੇਤਾਂ ਦੇ ਮਤਲਬ ਬਾਰੇ ਵਿਸਥਾਰਪੂਰਵਕ ਸਮਝਾਇਆ ਗਿਆ। ਡਾ: ਦਲਜੀਤ ਕੌਰ, ਪ੍ਰਿੰਸੀਪਲ ਵੱਲੋਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਏ ਹੋਏ ਮਹਿਮਾਨਾਂ ਅਤੇ ਪ੍ਰੋਗਰਾਮ ਦੇ ਇੰਤਜ਼ਾਮ ਮੁਕੰਮਲ ਕਰਨ ਲਈ ਮੈਡਮ ਵੰਦਨਾ ਦਾ ਧੰਨਵਾਦ ਕੀਤਾ ਗਿਆ।