ਪੰਜਾਬ ਪੁਲਿਸ ਵਲੋਂ ਭਰਤੀ ਹੋਣ ਵਾਲੇ ਨੌਜਵਾਨਾਂ ਲਈ ‘ਗਾਈਡੈਂਸ ਕੈਂਪ’ ਅੱਜ
ਨਾਮਵਰ ਅਕੈਡਮੀ ਦੇ ਮਾਹਿਰ ਕਰਨਗੇ ਮਾਰਗ ਦਰਸ਼ਨ
ਐਸ.ਐਸ.ਪੀ. ਖੱਖ ਵਲੋਂ ਨੌਜਵਾਨਾਂ ਨੂੰ ਲਾਭ ਲੈਣ ਦਾ ਸੱਦਾ
ਕਪੂਰਥਲਾ, 7 ਜੁਲਾਈ(ਵਿਸ਼ਵ ਵਾਰਤਾ)ਕਪੂਰਥਲਾ ਪੁਲਿਸ ਵਲੋਂ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੀ ਭਰਤੀ ਲਈ ਮੁਫਤ ਸਰੀਰਕ ਸਿਖਲਾਈ ਦਾ ਕੈਂਪ ਸ਼ੁਰੂ ਕਰਨ ਤੋਂ ਬਾਅਦ ਨੌਜਵਾਨਾਂ ਨੂੰ ਲਿਖਤੀ ਪ੍ਰੀਖਿਆ ਵਾਸਤੇ ਤਿਆਰ ਕਰਨ ਲਈ ‘ ਗਾਈਡੈਂਸ ਕੈਂਪ’ 8 ਜੁਲਾਈ ਨੂੰ ਪੁਲਿਸ ਲਾਇਨ ਕਪੂਰਥਲਾ ਵਿਖੇ ਸ਼ਾਮ 4 ਵਜੇ ਲਗਾਇਆ ਜਾ ਰਿਹਾ ਹੈ।
ਐਸ.ਐਸ.ਪੀ. ਕਪੂਰਥਲਾ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਭਰਤੀ ਲਈ ਚਾਹਵਾਨ ਲੜਕੇ-ਲੜਕੀਆਂ ਨੂੰ ਭਰਤੀ 2021 ਲਈ ਲਿਖਤੀ ਪ੍ਰੀਖਿਆ ਪਹਿਲਾ ਪੜਾਅ ਸਬੰਧੀ ਕੈਂਪ ਵਿਚ ਭਾਰਤੀ ਪ੍ਰਸ਼ਾਸ਼ਕੀ ਸੇਵਾਵਾਂ ਤੇ ਪੰਜਾਬ ਸਿਵਲ ਸੇਵਾਵਾਂ ਦੀ ਤਿਆਰੀ ਲਈ ਨਾਮਵਰ ਅਕੈਡਮੀ ‘ਅਭਿਮੰਨਿਊ’ ਦੇ ਮਾਹਿਰ ਇੰਦਰਪਾਲ ਸਿੰਘ ਵਲੋਂ ਅਗਵਾਈ ਪ੍ਰਦਾਨ ਕੀਤੀ ਜਾਵੇਗੀ। ਇਸ ਤਹਿਤ ਸਿਲੇਬਸ ਦੀ ਚੋਣ, ਪੇਪਰ ਦੀ ਤਿਆਰੀ ਅਤੇ ਪੇਪਰ ਨੂੰ ਹੱਲ ਕਰਨ ਦੇ ਯੋਗ ਢੰਗਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਦੋ ਤਜਰਬੇਕਾਰ ਅਧਿਆਪਕਾਂ ਵਲੋਂ ਵੀ ਨੌਜਵਾਨਾਂ ਦੀ ਸਹਾਇਤਾ ਲਈ ਸੇਵਾਵਾਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਗਾਈਡੈਂਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਤਾਂ ਕਿ ਉਹ ਪੁਲਿਸ ਫੋਰਸ ਜੁਆਇਨ ਕਰਕੇ ਦੇਸ਼ ਸੇਵਾ ਵਿਚ ਯੋਗਦਾਨ ਪਾ ਸਕਣ।