
– ਇਕ ਮਹੀਨੇ ਵਿੱਚ ਜ਼ਿਲ੍ਹੇ ਦੇ ਸਾਰੇ ਪਿੰਡਾਂ ਨੂੰ ਕੀਤਾ ਜਾਵੇਗਾ ਕਵਰ
– ਡੀ ਸੀ ਨੇ ਜਾਗਰੂਕਤਾ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ
– ਕੈਸ਼ ਭੁੱਲ ਜਾਓ-ਡਿਜਿਧਨ ਅਪਣਾਓ ਦਾ ਦਿੱਤਾ ਨਾਅਰਾ
– ਠੱਗ ਕਿਸਮ ਦੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਕੀਤੀ ਅਪੀਲ
ਫਾਜ਼ਿਲਕਾ, 23 ਜਨਵਰੀ (ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਡਿਜੀਟਲ ਇੰਡੀਆ ਸਬੰਧੀ ਪੇਂਡੂ ਲੋਕਾਂ ਨੂੰ ਪ੍ਰੇਰਿਤ ਕਰਦੀ ਜਾਗਰੂਕਤਾ ਪ੍ਰਚਾਰ ਵੈਨ ਨੂੰ ਝੰਡੀ ਦਿਖਾ ਦੇ ਰਵਾਨਾ ਕੀਤਾ ਗਿਆ। ਡਿਜਿਧਨ ਨੂੰ ਬੜ੍ਹਾਵਾ ਦੇਣ ਅਤੇ ਠੱਗ ਕਿਸਮ ਦੇ ਲੋਕਾਂ ਤੋਂ ਸੁਚੇਤ ਰਹਿਣ ਲਈ ਪੇਂਡੂ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਰਵਾਨਾ ਕੀਤੀ ਗਈ ਇਹ ਪ੍ਰਚਾਰ ਵੈਨ ਜ਼ਿਲ੍ਹੇ ਦੇ ਸਾਰੇ ਪਿੰਡਾਂ ਨੂੰ ਇੱਕ ਮਹੀਨੇ ਵਿੱਚ ਕਵਰ ਕਰੇਗੀ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਚ.ਡੀ.ਐਫ.ਸੀ. ਬੈਂਕ ਦੇ ਸਹਿਯੋਗ ਨਾਲ ਤਿਆਰ ਕਰਕੇ ਇਸ ਪ੍ਰਚਾਰ ਵੈਨ ਨੂੰ ਰਵਾਨਾ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਡਿਜੀਟਲ ਇੰਡੀਆ ਦੀ ਮਹੱਤਤਾ ਬਾਰੇ ਦੱਸਦਿਆਂ ਵੱਧ ਤੋਂ ਵੱਧ ਮੋਬਾਇਲ ਬੈਕਿੰਗ ਅਤੇ ਨੈੱਟ ਬੈਕਿੰਗ ਰਾਹੀਂ ਲੈਣ-ਦੇਣ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਠੱਗ ਕਿਸਮ ਦੇ ਲੋਕਾਂ ਤੋਂ ਸਾਵਧਾਨ ਰਹਿਣ ਲਈ ਸੁਚੇਤ ਕਰਕਿਆ ਇਹ ਵੀ ਕਿਹਾ ਕਿ ਆਪਣੇ ਏ.ਟੀ.ਐਮ. ਨੰਬਰ, ਬੈਂਕ ਖਾਤਾ ਨੰਬਰ ਅਤੇ ਆਧਾਰ ਨੰਬਰ ਸਬੰਧੀ ਫੋਨ ‘ਤੇ ਕਿਸੇ ਵੀ ਕਿਸਮ ਦੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ।
ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ੍ਰੀ ਪਰਮਜੀਤ ਕੋਚਰ ਨੇ ਦੱਸਿਆ ਕਿ ਇਹ ਪ੍ਰਚਾਰ ਵੈਨ ਕੈਸ਼ ਭੁੱਲ ਜਾਓ- ਡਿਜਿਧਨ ਅਪਣਾਓ ਦੇ ਨਾਅਰੇ ਨਾਲ ਰਵਾਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਚਾਰ ਵੈਨ ਜ਼ਿਲ੍ਹੇ ਦੇ ਪੇਂਡੂ ਲੋਕਾਂ ਨੂੰ ਡਿਜੀਟਲ ਇੰਡੀਆ ਤਹਿਤ ਵੱਧ ਤੋਂ ਵੱਧ ਮੋਬਾਇਲ ਬੈਕਿੰਗ ਅਤੇ ਨੈੱਟ ਬੈਕਿੰਗ ਲਈ ਪੇ੍ਰਰਿਤ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਚਾਰ ਵੈਨ ਵਿੱਚ ਇੱਕ ਐਲ.ਈ.ਡੀ. ਲਗਾਈ ਗਈ ਹੈ ਜਿਸ ਵਿੱਚ ਪੰਜ ਮਿੰਟ ਦੇ ਦਸ ਕਲਿੱਪਾਂ ਰਾਹੀਂ ਡਿਜੀਟਲ ਇੰਡੀਆ ਅਪਣਾਉਣ ਸਬੰਧੀ ਜਿੱਥੇ ਪੇਂਡੂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਉੱਥੇ ਉਨ੍ਹਾਂ ਨੂੰ ਠੱਗ ਕਿਸਮ ਦੇ ਲੋਕਾਂ ਤੋਂ ਸਾਵਧਾਨ ਰਹਿਣ ਲਈ ਵੀ ਸਚੇਤ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਵੈਨ ਰੋਜ਼ਾਨਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ, ਸੱਥਾਂ ਅਤੇ ਹੋਰ ਸਾਂਝੀਆਂ ਥਾਵਾਂ ਤੇ ਜਾ ਕੇ ਪੇਂਡੂ ਲੋਕਾਂ ਨੂੰ ਜਾਗਰੂਕ ਕਰੇਗੀ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਮੁਕੇਸ਼ ਗੌਤਮ, ਐਚ.ਡੀ.ਐਫ. ਸੀ ਦੇ ਕਲੱਸਟਰ ਮੁਖੀ ਸ੍ਰੀ ਮਿਰਥਿਊਲ ਰਿਦਵਾਨ, ਐਚ.ਡੀ.ਐਫ.ਸੀ. ਬੈਂਕ ਮੈਨੇਜਰ ਸ੍ਰੀ ਹਿਮਾਸ਼ੂ ਦੂਮੜਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।