11ਵਾਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਅੱਜ ਖੱਟੜਾ ਵਿਖੇ
ਜੇਤੂ ਟੀਮ ਨੂੰ ਇਕ ਲੱਖ ਤੇ ਉਪ ਜੇਤੂ ਨੂੰ 75 ਹਜ਼ਾਰ ਰੁਪਏ ਦਾ ਮਿਲੇਗਾ ਇਨਾਮ
ਖੰਨਾ, 26ਫਰਵਰੀ(ਵਿਸ਼ਵ ਵਾਰਤਾ)- ਹਰਮਨ ਖੱਟੜਾ ਸਪੋਰਟਸ ਅਤੇ ਵੈਲਫੇਅਰ ਕਲੱਬ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਇਸ ਵਾਰ ਅੱਜ 26 ਫਰਵਰੀ ਨੂੰ ਪਿੰਡ ਖੱਟੜਾ ਵਿਖੇ ਕਰਵਾਇਆ ਜਾ ਰਿਹਾ ਹੈ। 11ਵੇਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਵਿੱਚ ਆਲ ਓਪਨ ਕਬੱਡੀ ਮੁਕਾਬਲਿਆਂ ਵਿੱਚ 8 ਚੋਟੀ ਦੀਆਂ ਟੀਮਾਂ ਭਿੜਨਗੀਆਂ।
ਇਹ ਜਾਣਕਾਰੀ ਬੀਤੇ ਦਿਨ ਖੱਟੜਾ ਵਿਖੇ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਮੌਕੇ ਕਲੱਬ ਦੇ ਪ੍ਰਧਾਨ ਸ. ਦਲਮੇਘ ਸਿੰਘ ਖੱਟੜਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕੱਪ ਦੀ ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਕਰਮਵਾਰ ਇੱਕ ਲੱਖ ਰੁਪਏ ਅਤੇ 75 ਹਜਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਅਤੇ ਕੱਪ ਵਿੱਚ ਸਰਵੋਤਮ ਚੁਣੇ ਜਾਣ ਵਾਲੇ ਰੇਡਰ ਅਤੇ ਜਾਫੀ ਨੂੰ ਵਿਸ਼ੇਸ ਇਨਾਮ ਦਿੱਤੇ ਜਾਣਗੇ।
ਕਬੱਡੀ ਕੱਪ ਦੌਰਾਨ ਏਡੀਜੀਪੀ ਅਮਰਦੀਪ ਸਿੰਘ ਰਾਏ ਮੁੱਖ ਮਹਿਮਾਨ ਹੋਣਗੇ ਜਦੋਂਕਿ ਰਿਟਾਇਡ ਆਈਏਐਸ ਮਹਿੰਦਰ ਸਿੰਘ, ਸਾਬਕਾ ਆਈਜੀ ਰਣਬੀਰ ਸਿੰਘ ਖੱਟੜਾ ਤੇ ਆਈਪੀਐਸ ਡਾ ਨਰਿੰਦਰ ਭਾਰਗਵ ਵਿਸ਼ੇਸ਼ ਮਹਿਮਾਨ ਹੋਣਗੇ।