– ਵਿਧਾਇਕ ਰੋੜੀ ਤੇ ਹਰਜੋਤ ਬੈਂਸ ਨੇ ਸੁਸ਼ਮਾ ਸਵਰਾਜ ਨੂੰ ਸੌਂਪੀ ਖਾੜੀ ਦੇਸ਼ਾਂ ‘ਚ ਫਸੇ 31 ਪੰਜਾਬੀਆਂ ਦੀ ਸੂਚੀ
ਚੰਡੀਗੜ੍ਹ, 10 ਅਪ੍ਰੈਲ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਖਾੜੀ ਦੇਸ਼ਾਂ ‘ਚ ਫਸੇ 31 ਪੰਜਾਬੀਆਂ ਦੀ ਸੂਚੀ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਸੌਂਪਦੇ ਹੋਏ ਫ਼ਰਜ਼ੀ ਟਰੈਵਲ ਏਜੰਟਾਂ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਮੁੱਖ ਬੁਲਾਰੇ ਹਰਜੋਤ ਬੈਂਸ ਅਤੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਮੰਗਲਵਾਰ ਨੂੰ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਗੜ੍ਹਸ਼ੰਕਰ, ਰੋਪੜ, ਐਸ.ਬੀ.ਐਸ ਨਗਰ (ਨਵਾਂ ਸ਼ਹਿਰ), ਬੰਗਾ ਅਤੇ ਹੋਰ ਇਲਾਕਿਆਂ ਨਾਲ ਸੰਬੰਧਿਤ ਪੰਜਾਬ ਦੇ 31 ਪੀੜਤਾਂ ਦੀ ਸੂਚੀ ਸੌਂਪੀ, ਜੋ ਫ਼ਰਜ਼ੀ ਅਤੇ ਧੋਖੇਬਾਜ਼ ਟਰੈਵਲ ਏਜੰਟਾਂ ਦੇ ਝਾਂਸਿਆਂ ‘ਚ ਆ ਕੇ ਸਾਉਦੀ ਅਰਬ ਸਮੇਤ ਹੋਰ ਖਾੜੀ ਦੇਸ਼ਾਂ ‘ਚ ਫਸੇ ਹੋਏ ਹਨ।
‘ਆਪ’ ਆਗੂਆਂ ਨੇ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਬੇਨਤੀ ਕੀਤੀ ਕਿ ਉਹ ਬਿਨਾ ਦੇਰੀ ਦਖ਼ਲਅੰਦਾਜ਼ੀ ਕਰਦੇ ਹੋਏ ਇਹਨਾਂ ਪੰਜਾਬੀ ਭਾਰਤੀਆਂ ਦੀ ਵਤਨ ਵਾਪਸੀ ਯਕੀਨੀ ਬਣਾਉਣ।
ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਵਿਦੇਸ਼ ਮੰਤਰਾਲੇ ਕੋਲ ਰੋਸ ਜਤਾਇਆ ਕਿ ਬੇਸ਼ੱਕ ਫ਼ਰਜ਼ੀ ਟਰੈਵਲ ਏਜੰਟਾਂ ‘ਤੇ ਸਖ਼ਤ ਕਾਰਵਾਈ ਦਾ ਪਹਿਲ ਅਧਿਕਾਰ ਖੇਤਰ ਸੂਬਾ ਸਰਕਾਰ ਦਾ ਹੈ ਪਰ ਪਿਛਲੀ ਬਾਦਲ ਸਰਕਾਰ ਦੀ ਤਰ੍ਹਾਂ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਫ਼ਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਦਮ ਨਹੀਂ ਉਠਾ ਰਹੀ, ਨਤੀਜੇ ਵਜੋਂ ਫ਼ਰਜ਼ੀ ਟਰੈਵਲ ਏਜੰਟ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡੇ ਵੱਡੇ ਸਬਜ਼ਬਾਗ ਦਿਖਾ ਕੇ ਖਾੜੀ ਦੇਸ਼ਾਂ ‘ਚ ਭੇਜ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ ਅਤੇ ਵੱਡੇ ਪੱਧਰ ‘ਤੇ ਵਿੱਤੀ ਸ਼ੋਸ਼ਣ ਕਰ ਰਹੇ ਹਨ। ਇਸ ਲਈ ਜੇਕਰ ਫ਼ਰਜ਼ੀ ਟਰੈਵਲ ਏਜੰਟਾਂ ਨਾਲ ਸਖ਼ਤੀ ਨਾਲ ਨਜਿੱਠਣ ਤੋਂ ਜੇਕਰ ਪੰਜਾਬ ਦੀਆਂ ਸੂਬਾ ਸਰਕਾਰਾਂ ਅਸਫਲ ਰਹੀਆਂ ਹਨ ਤਾਂ ਕੇਂਦਰ ਸਰਕਾਰ ਸਖ਼ਤ ਕਦਮ ਉਠਾਵੇ ਅਤੇ ਛਾਪਾਮਾਰੀ ਕਰ ਕੇ ਟਰੈਵਲ ਏਜੰਟਾਂ ਨੂੰ ਜੇਲ੍ਹ ਭੇਜੇ।