ਮਾਨਸਾ, 29 ਅਪਰੈਲ( ਵਿਸ਼ਵ ਵਾਰਤਾ)- ਬੇਸ਼ੱਕ ਮਾਨਸਾ ਪੁਲੀਸ ਵੱਲੋਂ ਕਿਸਾਨੀ ਸੰਘਰਸ਼ਾਂ ਦੇ ਗੜ੍ਹ ਮੰਨੇ ਜਾਂਦੇ ਪਿੰਡ ਭੈਣੀਬਾਘਾ ਸਮੇਤ ਹੋਰਨਾਂ ਪਿੰਡਾਂ ‘ਚੋਂ ਸ਼ਿਮਲਾ ਮਿਰਚ ਸਮੇਤ ਹੋਰ ਸਬਜ਼ੀਆਂ ਦੀ ਵਿਕਰੀ ਲਈ ਕਿਸਾਨਾਂ ਨੂੰ ਅੰਤਰਰਾਜੀ ਪਾਸ ਮੁਹੱਈਆ ਕਰਵਾਕੇ ਬਾਹਰਲੇ ਸੂਬਿਆਂ ਨੂੰ ਸਬਜ਼ੀਆਂ ਭੇਜੀਆਂ ਜਾਣ ਲੱਗੀਆਂ ਹਨ, ਪਰ ਇਸ ਦੇ ਬਾਵਜੂਦ ਖੇਤੀ ਵਿਭਿੰਨਤਾ ਤਹਿਤ ਜਿਹੜੇ ਕਿਸਾਨਾਂ ਨੇ ਇਸ ਵਾਰ ਸ਼ਿਮਲਾ ਮਿਰਚ ਬੀਜ ਸੀ,ਉਹ ਕਿਸਾਨ ਕਰੋਨਾਵਾਇਰਸ ਦੇ ਚੱਲਦਿਆਂ ਮੰਡੀਕਰਨ ਦੇ ਮਾੜੇ ਪ੍ਰਬੰਧਾਂ ਦੀ ਭੇਂਟ ਚੜ੍ਹਨ ਲੱਗੇ ਹਨ, ਜਿਸ ਕਾਰਨ ਅਨੇਕਾਂ ਕਿਸਾਨਾਂ ਵੱਲੋਂ ਇਸ ਨੂੰ ਤੋੜਕੇ ਸੜਕਾਂ ਕਿਨਾਰੇ ਸੁੱਟਿਆ ਜਾਣ ਲੱਗਿਆ ਹੈ।ਪੰਜਾਬ ਵਿੱਚ ਜਿਵੇਂ ਕਿਸੇ ਸਮੇਂ ਆਲੂਆਂ ਦੇ ਮੰਦੇ ਰਹਿਣ ਕਾਰਨ ਕਿਸਾਨਾਂ ਨੇ ਸੜਕਾਂ ਕਿਨਾਰੇ ਸਬਜ਼ੀ ਦੀ ਬਾਦਸ਼ਾਹ ਨੂੰ ਸੁੱਟ ਦਿੱਤਾ ਸੀ, ਉਸ ਤਰ੍ਹਾਂ ਜ਼ਿੰਕ ਫੂਡ ਦੀ ਰਾਣੀ ਮੰਨੀ ਜਾਣ ਵਾਲੀ ਇਸ ਸ਼ਿਮਲਾ ਮਿਰਚ ਨੂੰ ਅੱਕੇ ਕਿਸਾਨਾਂ ਵੱਲੋਂ ਇਸ ਵਾਰ ਸੁੱਟਿਆ ਜਾਣ ਲੱਗਾ ਹੈ।
ਦਿਲਚਸਪ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਦੇ ਰੇਤਲੇ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਸ਼ਿਮਲਾ ਮਿਰਚ ਨੂੰ ਲਾਇਆ ਜਾਂਦਾ ਹੈ ਅਤੇ ਇਸ ਖੇਤਰ ‘ਚੋਂ ਉਤਰੀ ਭਾਰਤ ਦੇ ਸਾਰੇ ਰਾਜਾਂ ਵਿੱਚ ਇਸ ਦੀ ਸਪਲਾਈ ਹੁੰਦੀ ਹੈ।ਇਸ ਵਾਰ ਵੀ ਕਰੋਨਾਵਾਇਰਸ ਅਤੇ ਕਰਫਿਊ ਦੀ ਵੱਡੀ ਤਕਲੀਫ਼ ਤੋਂ ਪੀੜਤ ਕਿਸਾਨਾਂ ਨੇ ਮਾਨਸਾ ਦੇ ਐਸਐਸਪੀ ਡਾ.ਨਰਿੰਦਰ ਭਾਰਗਵ ਨੂੰ ਅਪੀਲ ਕਰਕੇ ਇਸ ਸ਼ਿਮਲਾ ਮਿਰਚ ਨੂੰ ਅੰਤਰਰਾਜੀ ਪਾਸਾਂ ਆਸਰੇ ਬਾਹਰਲੇ ਸੂਬਿਆਂ ਨੂੰ ਭਾਵੇਂ ਭੈਣੀਬਾਘਾ ਤੋਂ ਭੇਜਿਆ ਜਾਣ ਲੱਗਾ ਸੀ,ਪਰ ਆਮ ਛੋਟੇ ਕਿਸਾਨ ਲਈ ਦੂਰ-ਦੁਰਾਡੇ ਭੇਜਣਾ ਜਦੋਂ ਮੁਸ਼ਕਲ ਹੋ ਗਿਆ ਤਾਂ ਪੈਦਾਵਾਰ ਵੱਧ ਹੋਣ ਕਾਰਨ ਅਤੇ ਲਾਗਤ ਘੱਟ ਹੋਣ ਕਾਰਨ ਭਾਅ ਭੁੰਜੇ ਡਿੱਗ ਪਿਆ ਹੈ,ਜਿਸ ਕਾਰਨ ਮੰਡੀਕਰਨ ਦੀ ਤਕਲੀਫ਼ ਤੋਂ ਅੱਗੇ ਕਿਸਾਨਾਂ ਨੇ ਅੱਜ ਭੈਣੀਬਾਘਾ ਸਮੇਤ ਹੋਰਨਾਂ ਥਾਵਾਂ ‘ਤੇ ਇਸ ਨੂੰ ਸੜਕਾਂ ਕਿਨਾਰੇ ਸੁੱਟ ਦਿੱਤਾ ਹੈ।
ਇਸੇ ਦੌਰਾਨ ਮਾਨਸਾ ਦੇ ਐਸਐਸਪੀ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਬੇਸ਼ੱਕ ਉਨ੍ਹਾਂ ਵੱਲੋਂ ਕਿਸਾਨਾਂ ਦੀਆਂ ਤਕਲੀਫ਼ਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਅੰਤਰਰਾਜ਼ੀ ਪਾਸ ਬਣਾਕੇ ਦਿੱਲੀ,ਸ੍ਰੀਨਗਰ,ਜੂੰਮ, ਜੈਪੁਰ,ਲਖਨਾਊ ਤੇ ਹੋਰਨਾਂ ਥਾਵਾਂ ‘ਤੇ ਟਰੱਕ ਭੇਜਣ ਦਾ ਹਰ ਤਰ੍ਹਾਂ ਦਾ ਬੰਦੋਬਸ਼ਤ ਕਰਵਾ ਦਿੱਤਾ ਗਿਆ ਸੀ,ਪਰ ਫਿਰ ਵੀ ਝਾੜ ਜ਼ਿਆਦਾ ਤੇ ਭਾਅ ਘੱਟ ਹੋਣ ਕਾਰਨ ਇੱਕਾ-ਦੁੱਕਾ ਕਿਸਾਨਾਂ ਨੇ ਸੜਕਾਂ ਉਤੇ ਕੁੱਝ ਪੈਕਟ ਸੁੱਟਣ ਦੇ ਵੇਰਵੇ ਹਾਸਲ ਹੋਏ ਹਨ, ਪ੍ਰੰਤੂ ਉਹ ਇਸ ਦੀ ਪੜਤਾਲ ਕਰਵਾ ਰਹੇ ਹਨ।
ਦੂਜੇ ਪਾਸੇ ਕੁੱਝ ਸਮਾਜ ਸੇਵੀ ਸੰਸਥਾਵਾਂ ਦਾ ਕਹਿਣਾ ਹੈ ਕਿ ਅਜਿਹੀਆਂ ਸਬਜ਼ੀਆਂ ਨੂੰ ਸੜਕਾਂ ਉਪਰ ਸੁੱਟਣ ਦੀ ਥਾਂ ਲੋੜਵੰਦ ਪਰਿਵਾਰਾਂ ਸਮੇਤ ਜ਼ਰੂਰਤਮੰਦ ਲੋਕਾਂ ਲਈ ਲਗਾਤਾਰ ਲੰਗਰ ਲਗਾ ਰਹੀਆਂ ਸੰਸਥਾਵਾਂ ਲਈ ਦਾਨ ਕਰਨਾ ਚਾਹੀਦਾ ਹੈ ਤੇ ਸ਼ਹਿਰਾਂ ਵਿੱਚ ਕੁਸ਼ਟ ਆਸ਼ਰਮ ਤੇ ਹੋਰਨਾਂ ਨੂੰ ਅਜਿਹੀਆਂ ਸਬਜ਼ੀਆਂ ਦਾਨ ਵਜੋਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਕਿਸਾਨ ਜਥੇਬੰਦੀਆਂ ਦਾ ਲੋਕਾਂ ਵਿੱਚ ਮਾਣ-ਸਤਿਕਾਰ ਪੈਦਾ ਹੋ ਸਕੇ।
ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਸ ਵਾਰ ਲਾਕਡਾਊਨ ਤੇ ਕਰਫਿਊ ਦੇ ਲਗਾਤਾਰ ਵੱਧਣ ਕਾਰਨ ਸ਼ਿਮਲਾ ਮਿਰਚ ਦੀ ਵਰਤੋਂ ਘੱਟਣ ਲੱਗੀ ਹੈ,ਕਿਉਂਕਿ ਵੱਡੇ ਹੋਟਲਾਂ ਤੇ ਰੈਸਟੋਰੈਟਾਂ ਸਮੇਤ ਫਾਸਟ ਫੂਡ ਵਾਲੀਆਂ ਸਾਰੀਆਂ ਦੁਕਾਨਾਂ ਤੇ ਰੇਹੜੀਆਂ ਬੰਦ ਹੋਣ ਕਾਰਨ ਇਸ ਦੀ ਵਰਤੋਂ ਸਿਰਫ਼ ਘਰਾਂ ਤੱਕ ਹੀ ਸੀਮਿਤ ਹੋਕੇ ਰਹਿ ਗਈ ਹੈ, ਜਿਸ ਕਾਰਨ ਇਸ ਦੀ ਗ੍ਰਾਹਕੀ ਵੱਡੇ ਪੱਧਰ ‘ਤੇ ਘੱਟ ਗਈ ਹੈ। ਗ੍ਰਾਹਕੀ ਘੱਟਣ ਕਾਰਨ ਭਾਅ ਘਟ ਗਏ ਹਨ, ਜਿਸ ਤੋਂ ਅੱਕਕੇ ਕਿਸਾਨਾਂ ਨੇ ਇਸ ਨੂੰ ਸੜਕਾਂ ਕਿਨਾਰੇ ਸੁੱਟਣਾ ਸ਼ੁਰੂ ਕਰ ਦਿੱਤਾ ਹੈ।
ਪਿੰਡ ਭੈਣੀਬਾਘਾ ਦੇ ਕਿਸਾਨ ਜਗਦੇਵ ਸਿੰਘ 14 ਕੁਇੰਟਲ ਸ਼ਿਮਲਾ ਮਿਰਚ ਸੜਕ ਕਿਨਾਰੇ ਸੁੱਟੀ। ਇਸੇ ਤਰ੍ਹਾਂ ਕਿਸਾਨ ਜੀਤ ਸਿੰਘ ਦੀ 35 ਕੁਇੰਟਲ ਮਿਰਚ ਨੂੰ ਵਪਾਰੀਆਂ ਨੇ ਚੁੱਕਣ ਤੋਂ ਇਨਕਾਰ ਕਰ ਦਿੱਤਾ, ਜੋ ਲਿਫ਼ਾਫਿਆਂ ਵਿੱਚ ਹੀ ਖ਼ਰਾਬ ਹੋ ਗਈ।
ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਸ ਸ਼ਿਮਲਾ ਮਿਰਚ ਦਾ ਆਮ ਤੌਰ ‘ਤੇ ਭਾਅ 15 ਤੋਂ 20 ਰੁਪਏ ਕਿਲੋ ਮਿਲਦਾ ਰਿਹਾ ਹੈ, ਪਰ ਇਸ ਵਾਰ ਕਿਸਾਨਾਂ ਦੇ ਕਰੋਨਾ ਵਾਇਰਸ ਕਾਰਨ ਪੱਲੇ ਕੁੱਝ ਨਹੀਂ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਅੱਕਕੇ ਹੁਣ ਇਸ ਫ਼ਸਲ ਨੂੰ ਸੁੱਟਣਾ ਸ਼ੁਰੂ ਕਰ ਦਿੱਤਾ ਹੈ।
ਚਰਨਜੀਤ ਚੰਨੀ ਨੇ ਰੋਟਰੀ ਕਲੱਬ ਦੇ ਮੈਂਬਰਾਂ ਨਾਲ ਮੀਟਿੰਗ ਕਰ ਕਾਂਗਰਸ ਨੂੰ ਜਿਤਾਉਣ ਦੀ ਕੀਤੀ ਅਪੀਲ
ਜਲੰਧਰ 19 ਮਈ( ਵਿਸ਼ਵ ਵਾਰਤਾ)-ਜਲੰਧਰ ਲੋਕ ਸਭਾ ਹਲਕੇ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ...