ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਈ ਗਈ ‘ਧੀਆਂ ਦੀ ਲੋਹੜੀ’
ਮੋਹਾਲੀ, 14 ਜਨਵਰੀ (ਵਿਸ਼ਵ ਵਾਰਤਾ) : ਜ਼ਿਲ੍ਹਾ ਹਸਪਤਾਲ ਮੋਹਾਲੀ ਵਿਖੇ ਅੱਜ ਜ਼ਿਲ੍ਹਾ ਪੱਧਰੀ ਲੋਹੜੀ ਸਮਾਗਮ ਕਰਵਾਇਆ ਗਿਆ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਜ਼ਿਲ੍ਹਾ ਹਸਪਤਾਲ ਵਿਚ ਅਪਣੇ ਹੱਥੀਂ ਨਵਜਨਮੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੋਹਫ਼ੇ ਦੇ ਕੇ ਲੋਹੜੀ ਦੀ ਵਧਾਈ ਦਿਤੀ ਅਤੇ ਜੱਚਾ-ਬੱਚਾ ਦੀ ਸਿਹਤ ਬਾਰੇ ਜਾਣਿਆ। ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਹੁਣ ਪਹਿਲਾਂ ਮੁਕਾਬਲੇ ਧੀਆਂ ਪ੍ਰਤੀ ਲੋਕਾਂ ਦੀ ਸੋਚ ਵਿਚ ਕਾਫ਼ੀ ਬਦਲਾਅ ਆਇਆ ਹੈ। ਲੋਕ ਸਮਝ ਗਏ ਹਨ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਪਰ ਇਸ ਦਿਸ਼ਾ ਵਿਚ ਹਾਲੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਤਾਕਿ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਹੋ ਸਕੇ। ਉਨ੍ਹਾਂ ਕਿਹਾ ਕਿ ਸਮਾਜਕ ਸਾਂਝ ਨੂੰ ਮਜ਼ਬੂਤ ਕਰਦਾ ਲੋਹੜੀ ਦਾ ਤਿਉਹਾਰ ਇਸ ਗੱਲੋਂ ਵੀ ਅਹਿਮ ਹੈ ਕਿ ਇਹ ਧੀਆਂ ਨੂੰ ਮੁੰਡਿਆਂ ਬਰਾਬਰ ਸਮਝਣ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ‘ਧੀਆਂ ਦੀ ਲੋਹੜੀ’ ਮਨਾਉਣਾ ਸ਼ਲਾਘਾਯੋਗ ਕਾਰਜ ਹੈ ਅਤੇ ਹਰ ਕਿਸੇ ਨੂੰ ਇਸ ਦਿਨ ਅਹਿਦ ਕਰਨਾ ਚਾਹੀਦਾ ਹੈ ਕਿ ਉਹ ਅਪਣੇ ਘਰ, ਰਿਸ਼ੇਤਦਾਰੀ ਜਾਂ ਆਲੇ-ਦੁਆਲੇ ਧੀਆਂ ਨੂੰ ਕੁੱਖ ਵਿਚ ਕਤਲ ਨਹੀਂ ਹੋਣ ਦੇਵੇਗਾ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦੁਆਰਾ ਕੁੜੀਆਂ ਦੀ ਭਲਾਈ ਲਈ ਕਈ ਯੋਜਨਾਵਾਂ ਸਫ਼ਲਤਾ ਨਾਲ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਮਕਸਦ ਲਿੰਗ ਅਨੁਪਾਤ ਵਿਚ ਹੋਰ ਸੁਧਾਰ ਕਰਨਾ ਹੈ।

ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਸਿਹਤ ਵਿਭਾਗ ਲਈ ਹੋਰ ਵੀ ਜ਼ਿਆਦਾ ਅਹਿਮੀਅਤ ਰਖਦਾ ਹੈ ਕਿਉਂਕਿ ਪੰਜਾਬ ਉਪਰ ਲੱਗਾ ‘ਕੁੜੀ ਮਾਰ’ ਦਾ ਕਲੰਕ ਧੋਣ ਵਿਚ ਸਿਹਤ ਮਹਿਕਮੇ ਨੇ ਵੱਡਾ ਰੋਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਜ਼ਮਾਨੇ ਵਿਚ ਪੁੱਤਰ ਤੇ ਧੀ ਵਿਚ ਕੋਈ ਫ਼ਰਕ ਨਹੀਂ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਖ਼ੁਦ ਵੀ ਅਪਣੇ ਘਰਾਂ ਵਿਚ ਕੁੜੀਆਂ ਨੂੰ ਅਹਿਮੀਅਤ ਦਈਏ ਕਿਉਂਕਿ ਜਦ ਅਸੀਂ ਖ਼ੁਦ ਕੁੜੀਆਂ ਨੂੰ ਤਰਜੀਹ ਦੇਵਾਂਗੇ, ਤਦ ਹੀ ਅਸੀਂ ਦੂਜਿਆਂ ਨੂੰ ਕੁੜੀਆਂ ਬਚਾਉਣ ਦੀ ਸਿਖਿਆ ਦੇ ਸਕਦੇ ਹਾਂ।
ਸਮਾਗਮ ਵਿਚ ਲੋਹੜੀ ਦੀ ਧੂਣੀ ਬਾਲੀ ਗਈ ਅਤੇ ਲੋਹੜੀ ਦੇ ਗੀਤ ਗਾਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਵੀ ਲੋਹੜੀ ਸਮਾਗਮ ਕਰਵਾਏ ਗਏ। ਸਮਾਗਮ ਵਿਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸੀ, ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਐਸ.ਐਮ.ਓ. ਡਾ. ਵਿਜੇ ਭਗਤ, ਡਾ. ਐਚ.ਐਸ. ਚੀਮਾ, ਡਾ. ਪਰਮਿੰਦਰ ਸਿੰਘ, ਡਾ. ਸੰਦੀਪ ਸਿੰਘ, ਡਾ. ਬਬਨਦੀਪ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਡਾਹਰੀ, ਦਿਲਬਾਗ਼ ਸਿੰਘ ਤੇ ਹੋਰ ਸਿਹਤ ਅਧਿਕਾਰੀ ਤੇ ਸਟਾਫ਼ ਮੌਜੂਦ ਸੀ।























