ਜ਼ਿਲ੍ਹੇ ’ਚੋਂ ਵਿਦੇਸ਼ਾਂ ਨੂੰ ਗੁੜ ਦੀ ਬਰਾਮਦ ਸਬੰਧੀ ਕੀਤੇ ਜਾਣਗੇ ਉਚੇਚੇ ਯਤਨ
ਡੀ ਸੀ ਰੰਧਾਵਾ ਵੱਲੋਂ ਜ਼ਿਲ੍ਹਾ ਪੱਧਰੀ ਬਰਾਮਦ ਉਤਸ਼ਾਹ ਕਮੇਟੀ ਦੀ ਮੀਟਿੰਗ
ਨਵਾਂਸ਼ਹਿਰ, 11 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਇਲਾਕਾਈ ਉਤਪਾਦਾਂ ਦੀ ਮਹੱਤਤਾ ਅਤੇ ਬਹੁਲਤਾ ਮੁਤਾਬਕ ਰਾਜ ਵਿੱਚੋਂ ਦੂਜੇ ਦੇਸ਼ਾਂ ਨੂੰ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਗਠਿਤ ਜ਼ਿਲ੍ਹਾ ਪੱਧਰੀ ਬਰਾਮਦ ਪ੍ਰੋਤਸਾਹਨ ਕਮੇਟੀ ਦੀ ਅੱਜ ਹੋਈ ਮੀਟਿੰਗ ਦੌਰਾਨ ਉੱਚ ਗੁਣਵੱਤਾ ਵਾਲੇ ਗੁੜ ਤੇ ਸ਼ੱਕਰ ਨਿਰਯਾਤ ’ਤੇ ਵਿਚਾਰ ਕੀਤਾ ਗਿਆ।
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਪੱਧਰੀ ਉਤਪਾਦ ਕਮੇਟੀ, ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਪਹਿਲਾਂ ਸ਼ਨਾਖਤ ਕੀਤੇ ਗਏ ਉਤਪਾਦਾਂ ਜਿਵੇਂ ਕਿ ਚੌਲ, ਦਾਲਾਂ ਅਤੇ ਆਲੂ ਦੇ ਨਾਲ-ਨਾਲ ਦੋਆਬੇ ਦਾ ਵੱਡਾ ਗੰਨਾ ਉਤਪਾਦਕ ਜ਼ਿਲ੍ਹਾ ਹੋਣ ਕਾਰਨ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚੋਂ ਗੁੜ ਤੇ ਗੁੜ ਨਾਲ ਸਬੰਧਤ ਉਤਪਾਦਾਂ ਦੀ ਵਿਦੇਸ਼ਾਂ ਨੂੰ ਬਰਾਮਦ ਬਾਰੇ ਯਤਨ ਕੀਤੇ ਜਾਣ।
ਡਿਪਟੀ ਕਮਿਸ਼ਨਰ ਅਨੁਸਾਰ ਜੇਕਰ ਅਸੀਂ ਗੁੜ ਅਤੇ ਇਸ ਤੋਂ ਬਣੇ ਉਤਪਾਦਾਂ ਦੀ ‘ਸ਼ੈਲਫ਼ ਲਾਈਫ਼’ ਵਧਾ ਸਕੀਏ ਅਤੇ ਇਸ ਨੂੰ ਫ਼ੂਡ ਸੇਫ਼ਟੀ ਤੇ ਸਟੈਂਡਰਡਜ਼ ਐਕਟ ਦੇ ਮਿਆਰਾਂ ਅਨੁਸਾਰ ਤਿਆਰ ਕਰੀਏ ਤਾਂ ਜ਼ਿਲ੍ਹੇ ’ਚ ਵੱਖ-ਵੱਖ ਥਾਂਈਂ ਬੇਲਣੇ ਲਾ ਕੇ ਗੁੜ ਤੇ ਸ਼ੱਕਰ ਤਿਆਰ ਕਰਦੇ ਲੋਕਾਂ ਨੂੰ ਚੰਗੀ ਮਾਰਕੀਟ ਤੇ ਆਕਰਸ਼ਕ ਭਾਅ ਉਪਲਬਧ ਹੋ ਸਕਦਾ ਹੈ।
ਮੀਟਿੰਗ ’ਚ ਸ਼ਾਮਿਲ ਖੁਰਾਕੀ ਵਸਤਾਂ ਨਾਲ ਸਬੰਧਤ ਇਲਾਕੇ ਦੀ ਪੁਰਾਣੀ ਸਨਅਤ ਏ ਪਲੱਸ ਦੇ ਮੁਖੀ ਗੁਰਚਰਨ ਅਰੋੜਾ ਨੇ ਦੱਸਿਆ ਕਿ ਉਹ ਖੁਦ ਆਪਣੀ ਸਨਅਤ ਤੋਂ ਵਿਦੇਸ਼ਾਂ ਨੂੰ ਗੁੜ ਅਤੇ ਸ਼ੱਕਰ ਭੇਜਦੇ ਹਨ। ਇੱਥੋਂ ਤੱਕ ਕਿ ਆਨਲਾਈਨ ਮੰਡੀਕਰਣ ਐਮੇਜ਼ਨ ਵਿੱਕਰੀ ਪਲੇਟਫ਼ਾਰਮ ਰਾਹੀਂ ਵੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਗੁੜ ਅਤੇ ਸ਼ੱਕਰ ਦੀ ‘ਸ਼ੈਲਫ਼ ਲਾਈਫ਼’ ਵਧਾਉਣ ਲਈ ਇਸ ਵਿੱਚੋਂ ਨਮੀ ਦੀ ਮਾਤਰਾ ਨੂੰ ਘਟਾ ਕੇ ਤਿੰਨ ਫ਼ੀਸਦੀ ਤੱਕ ਲਿਆਉਣਾ ਪਵੇਗਾ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਉਹ ਜ਼ਿਲ੍ਹੇ ’ਚ 38 ਰੁਪਏ ਪ੍ਰਤੀ ਕਿੱਲੋਗ੍ਰਾਮ ਨੂੰ ਅੱਠ ਫ਼ੀਸਦੀ ਨਮੀ ਤੱਕ ਵਾਲਾ ਗੁੜ ਖ੍ਰੀਦਣ ਨੂੰ ਤਿਆਰ ਹਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ’ਚ ਮੌਜੂਦ ਉਦਯੋਗ ਵਿਭਾਗ ਦੇ ਅਧਿਕਾਰੀਆਂ ਨੂੰ ਬਾਗ਼ਬਾਨੀ, ਖੇਤੀਬਾੜੀ ਅਤੇ ਫ਼ੂਡ ਸੇਫ਼ਟੀ ਅਧਿਕਾਰੀਆਂ ਨਾਲ ਇਸ ਸਬੰਧੀ ਵਿਸਤਿ੍ਰਤ ਚਰਚਾ ਕਰਕੇ ਯੋਜਨਾ ਦਾ ਖਾਕਾ ਤਿਆਰ ਕਰਨ ਲਈ ਆਖਿਆ। ਉਨ੍ਹਾਂ ਨੇ ਮੀਟਿੰਗ ’ਚ ਮੌਜੂਦ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਜ਼ਿਲ੍ਹਾ ਮੈਨੇਜਰ ਹਰਮੇਸ਼ ਲਾਲ ਸਹਿਜਲ ਨੂੰ ਵੀ ਛੋਟੇ-ਛੋਟੇ ਖੇਤੀ ਅਧਾਰਿਤ ਯੂਨਿਟ ਲਾਉਣ ਵਾਸਤੇ ਨਾਬਾਰਡ ਵੱਲੋਂ ਸਪਾਂਸਰ ਕੀਤੇ ਜਾਂਦੇ ਕਰਜ਼ਿਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਕਿਹਾ ਤਾਂ ਜੋ ਗੁੜ ਤੋਂ ਬਣ ਸਕਣ ਵਾਲੇ ਹੋਰ ਉਤਪਾਦਾਂ ਬਾਰੇ ਅਤੇ ਉਨ੍ਹਾਂ ਦੀ ਕੌਮਾਂਤਰੀ ਮੰਡੀ ਅਨੁਸਾਰ ਗੁਣਵੱਤਾ ਲਈ ਲੱਗਣ ਵਾਲੀ ਮਸ਼ੀਨਰੀ ਬਾਰੇ ਗੁੜ ਬਣਾਉਣ ਵਾਲੇ ਜਾਗਰੂਕ ਹੋ ਸਕਣ।
ਮੀਟਿੰਗ ’ਚ ਡੀ ਐਫ ਐਸ ਸੀ ਰੇਨੂੰ ਬਾਲਾ ਵਰਮਾ, ਸਹਾਇਕ ਡਾਇਰੈਕਟਰ ਬਾਗ਼ਬਾਨੀ ਰਾਜੇਸ਼ ਕੁਮਾਰ, ਖੇਤੀਬਾੜੀ ਵਿਭਾਗ ਤੋਂ ਵਿਜੇ ਮਹੇਸ਼ੀ, ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ ਤੋਂ ਪ੍ਰੋ. ਬਲਜੀਤ ਸਿੰਘ, ਫ਼ਾਰੇਨ ਟ੍ਰੇਡ ਵਿਕਾਸ ਅਫ਼ਸਰ ਰਮੇਸ਼ ਕੁਮਾਰ ਤੋਂ ਇਲਾਵਾ ਜ਼ਿਲ੍ਹੇ ਦੇ ਉਦਯੋਗ ਕੇਂਦਰ ਦੇ ਅਧਿਕਾਰੀ ਮੌਜੂਦ ਸਨ।