*ਜ਼ਿਲਾ ਪ੍ਰਸ਼ਾਸਨ ਨੇ ਸਾਰਸ-ਕੋਵ 2 ਨਾਲ ਨਜਿੱਠਣ ਲਈ ਖਿੱਚੀ ਤਿਆਰੀ*
*ਏ.ਡੀ.ਐਮ.ਵਲੋਂ 25 ਨਵੰਬਰ ਤੋਂ ਅੱਜ ਤੱਕ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੀ ਟਰੇਸਿੰਗ / ਟੈਸਟਿੰਗ ਨੂੰ ਯਕੀਨੀ ਬਣਾਉਣ ਦੇ ਹੁਕਮ*
*ਹਵਾਈ ਅੱਡੇ ’ਤੇ ਤੁਰੰਤ ਪ੍ਰਭਾਵ ਨਾਲ ਨਿਗਰਾਨੀ ਅਤੇ ਮੈਡੀਕਲ ਟੀਮਾਂ ਤਾਇਨਾਤ*
*ਸ਼ੱਕੀ ਮਰੀਜਾਂ ਲਈ ਸੰਸਥਾਗਤ ਕੁਆਰੰਟੀਨ ਦੀ ਸਹੂਲਤ*
*ਜ਼ਿਲਾ ਐਪੀਡੈਮੋਲੋਜਿਸਟ ਵਲੋਂ ਕੀਤਾ ਜਾਵੇਗਾ ਐਸ.ਏ.ਆਰ.ਐਸ (ਸਾਰਸ)-ਕੋਵ 2 ਕੰਟਰੋਲ ਰੂਮ ਦਾ ਸੰਚਾਲਨ*
ਐਸ ਏ ਐਸ ਨਗਰ, 23 ਦਸੰਬਰ( ਵਿਸ਼ਵ ਵਾਰਤਾ )- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰਸ-ਕੋਵ 2 ਵਾਇਰਸ ਨਾਲ ਨਜਿੱਠਣ ਲਈ ਜ਼ਿਲ੍ਹੇ ਵਲੋਂ ਪੂਰੀ ਤਿਆਰੀ ਖਿੱਚ ਲਈ ਗਈ ਹੈ। ਇਹ ਜਾਣਕਾਰੀ ਵਧੀਕ ਜ਼ਿਲਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਦਿੱਤੀ।
ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਇੰਗਲੈਂਡ ਤੋਂ ਭਾਰਤ ਪਰਤੇ ਯਾਤਰੀਆਂ ਦਾ ਵਾਇਰਸ ਸਬੰਧੀ ਟੈਸਟ ਕੀਤਾ ਜਾਵੇਗਾ। ਦੇਸ਼ ਵਿੱਚ ਆਏ ਇਨਾਂ ਯਾਤਰੀਆਂ ਦਾ ਕੋਵਿਡ -19 ਦੇ ਪ੍ਰੋਟੋਕੋਲ ਅਨੁਸਾਰ ਟੈਸਟ,ਇਕਾਂਤਵਾਸ ਕੀਤਾ ਜਾਵੇਗਾ। ਇਸ ਸਬੰਧ ਵਿੱਚ ਭਾਰਤ ਸਰਕਾਰ ਵੱਲੋਂ ਇੱਕ ਐਸ.ਓ.ਪੀ. ਜਾਰੀ ਕਰ ਦਿੱਤੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ 25 ਨਵੰਬਰ ਤੋਂ ਹੁਣ ਤੱਕ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈ.ਏ.) ਪਹੁੰਚੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੀ ਟਰੇਸਿੰਗ/ ਟੈਸਟਿੰਗ ਲਈ ਟੀਮ ਭੇਜੀ ਗਈ ਹੈ। ਉਕਤ ਟੀਮ ਦਾ ਨੋਡਲ ਅਧਿਕਾਰੀ ਅੰਤਰਰਾਸ਼ਟਰੀ ਏਅਰ ਲਾਈਨਜ਼ ਤੋਂ ਯਾਤਰੀ ਮੈਨੀਫੈਸਟ ਲਿਸ਼ਟ ਪ੍ਰਾਪਤ ਕਰਕੇ ਇਸ ਨੂੰ ਟਰੇਸਿੰਗ ਅਤੇ ਮੈਡੀਕਲ ਟੀਮਾਂ ਨੂੰ ਸੌਂਪੇਗਾ ਜੋ ਸ਼ੱਕੀ ਮਾਮਲਿਆਂ ਦੀ ਪਛਾਣ ਕਰਨ ਲਈ ਅੱਗੇ ਕੰਮ ਕਰਨਗੀਆਂ ।
ਗਿਆਨ ਸਾਗਰ ਹਸਪਤਾਲ ਵਿਖੇ ਸ਼ੱਕੀ ਮਰੀਜ਼ਾਂ ਲਈ ਸੰਸਥਾਗਤ ਕੁਆਰੰਟੀਨ ਸਹੂਲਤ ਦੀ ਵਿਵਸਥਾ ਕੀਤੀ ਗਈ ਹੈ ਅਤੇ ਜਿਹੜੇ ਅੰਤਰਰਾਸ਼ਟਰੀ ਯਾਤਰੀ ਪ੍ਰਾਈਵੇਟ ਇਕਾਈਆਂ ਵਿੱਚ ਇਾਂਤਵਾਸ ਰਹਿਣਾ ਚਾਹੁੰਦੇ ਹਨ ਉਹਨਾਂ ਲਈ ਅਦਾਇਗੀ ਵਾਲੇ ਸੰਸਥਾਗਤ ਕੁਆਰੰਟੀਨ ਸੈਂਟਰ ਮੁਹੱਈਆ ਕਰਵਾਉਣ ਲਈ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ।
ਇਸ ਦੌਰਾਨ ਨਿਗਰਾਨੀ ਅਤੇ ਮੈਡੀਕਲ ਟੀਮਾਂ ਨੂੰ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਿਯੁਕਤ ਕੀਤਾ ਗਿਆ ਹੈ ਜੋ ਅੰਤਰਰਾਸ਼ਟਰੀ ਯਾਤਰੀਆਂ ਦੀ ਨਿਗਰਾਨੀ ਕਰਨਗੇ ਅਤੇ ਸਕ੍ਰੀਨਿੰਗ / ਜਾਂਚ ਨੂੰ ਯਕੀਨੀ ਬਣਾਉਣਗੇ।
ਆਸ਼ਕਿਾ ਜੈਨ ਨੇ ਅੱਗੇ ਦੱਸਿਆ ਗਿਆ ਕਿ ਸਾਰੇ ਸ਼ੱਕੀ ਕੇਸਾਂ ਅਤੇ ਉਨਾਂ ਦੇ ਸੰਪਰਕਾਂ ਦਾ ਪਤਾ ਲਗਾਉਣ ਲਈ ਸਾਰਜ-ਕੋਵ-2 ਕੰਟਰੋਲ ਰੂਮ ਨਿੱਜੀ ਤੌਰ ‘ਤੇ ਜ਼ਿਲਾ ਮਹਾਂਮਾਰੀ ਮਾਹਰ (ਐਪੀਡੈਮੋਲੋਜਿਸਟ) ਅਤੇ ਉਹਨਾਂ ਦੀ ਟੀਮ ਵਲੋਂ ਚਲਾਇਆ ਜਾਏਗਾ ਅਤੇ ਜ਼ਿਲਾ ਪ੍ਰੋਗਰਾਮ ਅਫਸਰ ਦੁਆਰਾ ਇਸ ਵਿੱਚ ਸਹਿਯੋਗ ਦਿੱਤਾ ਜਾਵੇਗਾ।