ਖ਼ਾਲਸਾ ਕਾਲਜ ਵੂਮੈਨ ਵਿਖੇ ਸਵੈ ਰੋਜ਼ਗਾਰ ਸਬੰਧੀ ਸੈਮੀਨਾਰ ਕਰਵਾਇਆ ਗਿਆ
ਅੰਮ੍ਰਿਤਸਰ, 3 ਸਤੰਬਰ (ਵਿਸ਼ਵ ਵਾਰਤਾ)-ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਮਨਿਸਟਰੀ ਆਫ਼ ਐਮ. ਐਸ. ਐਮ. ਈ., ਐਮ. ਐਸ. ਐਮ. ਈ.-ਡੀ. ਐਫ਼. ਓ. ਭਾਰਤ ਸਰਕਾਰ ਦੇ ਮੰਤਰਾਲੇ ਦੇ ਸਹਿਯੋਗ ਨਾਲ ਸਵੈ-ਰੁਜ਼ਗਾਰ ਦੇ ਮੌਕਿਆਂ ਸਬੰਧੀ ਉਦਮੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਗਏ ਇਸ ਪ੍ਰੋਗਰਾਮ ਦੀ ਪ੍ਰੋ: ਮਨਬੀਰ ਕੌਰ ਨੇ ਆਪਣੇ ਸਵਾਗਤੀ ਭਾਸ਼ਣ ਨਾਲ ਕਾਰਵਾਈ ਦੀ ਆਰੰਭਤਾ ਕੀਤੀ। ਇਸ ਮੌਕੇ ਐਮ. ਐਸ. ਐਮ. ਈ. ਲੁਧਿਆਣਾ ਦੇ ਸਹਾਇਕ ਡਾਇਰੈਕਟਰ ਸ੍ਰੀ ਕੁੰਦਨ ਲਾਲ ਨੇ ਵਿਦਿਆਰਥੀਆਂ ਨੂੰ ਨੌਕਰੀ ਭਾਲਣ ਵਾਲਿਆਂ ਦੀ ਬਜਾਏ ਨੌਕਰੀ ਪ੍ਰਦਾਨ ਕਰਨ ਵਾਲੇ ਬਣਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸ੍ਰੀ ਰੋਹਿਤ ਮਹਿੰਦਰੂ ਨੇ ਵਿਦਿਆਰਥੀਆਂ ਨੂੰ ਪੀ. ਐਮ. ਈ. ਜੀ. ਪੀ. ਅਤੇ ਕੇ. ਵੀ. ਆਈ. ਸੀ. ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ। ਜਦ ਕਿ ਸਿੰਬਾ ਕੁਆਰਟਜ਼ ਸੀ. ਈ. ਓ. ਮੈਡਮ ਮਨਦੀਪ ਟਾਂਗਰਾ ਨੇ ਉਭਰਦੇ ਉੱਦਮੀ ਨੂੰ ਪ੍ਰੇਰਿਤ ਕਰਨ ਲਈ ਸਖ਼ਤ ਮਿਹਨਤ ਅਤੇ ਇਮਾਨਦਾਰੀ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸ੍ਰੀ ਉਮੇਸ਼ ਜੇਤਲੀ ਨੇ ਵਿਦਿਆਰਥੀਆਂ ਨੂੰ ਵਿੱਦਿਅਕ ਲੋਨ ਸਕੀਮਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਡਾ. ਰਾਕੇਸ਼ ਕੁਮਾਰ ਨੇ ਐਮ. ਐਸ. ਐਮ. ਈ. ਮੰਤਰਾਲੇ, ਐਮ. ਐਸ. ਐਮ. ਈ.-ਡੀ. ਐਫ਼. ਓ. ਲੁਧਿਆਣਾ, ਭਾਰਤ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਪ੍ਰਿੰ: ਡਾ: ਸੁਰਿੰਦਰ ਕੌਰ ਨੇ ਕਾਲਜ ’ਚ ਅਜਿਹਾ ਮਹੱਤਵਪੂਰਨ ਸੈਮੀਨਾਰ ਕਰਵਾਉਣ ਲਈ ਕੋਆਰਡੀਨੇਟਰਾਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮੇਂ ਸਮੇਂ ’ਤੇ ਵਿਦਿਆਰਥੀਆਂ ਨੂੰ ਮਾਰਗਦਰਸ਼ਕ ਕਰਦੇ ਇਹੋ ਜਿਹੇ ਸੈਮੀਨਾਰ, ਵਰਕਸ਼ਾਪਾਂ ਆਦਿ ਭਵਿੱਖ ’ਚ ਵੀ ਹਮੇਸ਼ਾਂ ਹੀ ਜਾਰੀ ਰਹਿਣਗੇ।























