ਖ਼ਾਲਸਾ ਕਾਲਜ ਇੰਜਨੀਅਰਿੰਗ ਵਿਖੇ ‘ਆਤਮਨਿਰਭਰ ਭਾਰਤ’ ਵਿਸ਼ੇ ’ਤੇ ਕਰਵਾਇਆ ਗਿਆ ਸੈਮੀਨਾਰ
ਅੰਮ੍ਰਿਤਸਰ, 21 ਅਪ੍ਰੈਲ (ਵਿਸ਼ਵ ਵਾਰਤਾ) ਖਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਆਈ. ਐਸ. ਟੀ. ਈ. ਸਟੂਡੈਂਟ ਚੈਪਟਰ ਦੇ ਸਹਿਯੋਗ ਨਾਲ ਕਾਲਜ ਦੇ ਆਈ. ਆਈ. ਸੀ. ਸੈੱਲ ਵੱਲੋਂ ‘ਆਤਮਨਿਰਭਰ ਭਾਰਤ ਵੱਲ ਇਕ ਕਦਮ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਕਾਲਜ ਡਾਇਰੈਕਟਰ ਡਾ: ਮੰਜੂ ਬਾਲਾ ਨੇ ਆਏ ਮਹਿਮਾਨਾਂ ਸ੍ਰੀਮਤੀ ਮਨਦੀਪ ਕੌਰ ਟਾਂਗਰਾ (ਇੰਟਰਪ੍ਰੇਨਿਊਅਰ, ਟੀ. ਈ. ਡੀ. ਐਕਸ. ਸਪੀਕਰ, ਸੰਸਥਾਪਕ ਅਤੇ ਸੀਈਓ ਸਿੰਬਾਕੁਆਰਟਜ਼), ਸ਼੍ਰੀ ਅਨੁਰਾਗ ਬਿਆਲਾ (ਡਾਇਰੈਕਟਰ ਅਤੇ ਸੀ. ਈ .ਓ. ਦੀਪਡਾਇਵ ਇਨੋਵੇਸ਼ਨ ਪ੍ਰਾਈਵੇਟ ਲਿਮਟਿਡ ਅਤੇ ਟੈਕੀਜ਼ ਇਨਫੋਟੈਕ) ਅਤੇ ਸ਼੍ਰੀ ਗੌਰਵ ਸ਼ਰਮਾ (ਸਹਿ-ਸੰਸਥਾਪਕ, ਡਾਇਰੈਕਟਰ, ਆਰਕੀਟੈਕਟ, ਐਲ. ਐਨ. ਜੀ. ਕੰਸਲਟੈਂਸੀ, ਮੈਂਬਰ ਆਫ਼ ਅੰਮ੍ਰਿਤਸਰ ਫਾਊਂਡਰਜ਼) ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ।
ਇਸ ਮੌਕੇ ਡਾ. ਬਾਲਾ ਨੇ ਕਿਹਾ ਕਿ ਅਜਿਹੇ ਸੈਮੀਨਾਰ ਅਤੇ ਇੰਟਰਐਕਟਿਵ ਸੈਸ਼ਨ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਸਮੇਂ ਦੀ ਲੋੜ ਹੈ ਕਿ ਮਨੁੱਖ ਨੂੰ ਆਤਮਨਿਰਭਰ ਭਾਵ ਆਤਮ ਨਿਰਭਰ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ’ਚ ਨੌਜਵਾਨਾਂ ਨੂੰ ਨੌਕਰੀ ਭਾਲਣ ਵਾਲੇ ਦੀ ਬਜਾਏ ਨੌਕਰੀ ਦੇਣ ਵਾਲਾ ਬਣਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕੋਵਿਡ-19 ਤੋਂ ਬਾਅਦ ਸਰਕਾਰ ਦੁਆਰਾ ਆਤਮਨਿਰਭਰ ਸਕੀਮ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ।
ਸੈਮੀਨਾਰ ਮੌਕੇ ਸ਼੍ਰੀਮਤੀ ਟਾਂਗਰਾ ਨੇ ਵਿਦਿਆਰਥੀਆਂ ਨੂੰ ਆਪਣੀ ਜੀਵਨ ਯਾਤਰਾ ਬਾਰੇ ਪ੍ਰੇਰਿਤ ਕਰਦਿਆਂ ਪੇਂਡੂ ਪਿਛੋਕੜ ਨਾਲ ਸਬੰਧਿਤ ਔਰਤ ਕਿਵੇਂ ਭਵਿੱਖ ’ਚ ਸਮੇਂ ਮੁਤਾਬਕ ਢਾਲਣ ਅਤੇ ਪ੍ਰਫੁੱਲਿਤ ਹੋ ਸਕਦੀ ਹੈ, ਦੇ ਬਾਰੇ ਫੈਸਲਾ ਲੈਣ ਅਤੇ ਲੀਡਰਸ਼ਿਪ ਦੇ ਗੁਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਆਪਣੇ ਪਰਿਵਾਰ ’ਚ ਨਾ ਸਿਰਫ਼ ਇਕ ਸਹਾਰਾ ਦੇ ਤੌਰ ’ਤੇ ਸਗੋਂ ਪਰਿਵਾਰ ਦੇ ਇਕ ਮੁੱਖ ਅੰਗ ਵਜੋਂ ਯੋਗਦਾਨ ’ਚ ਔਰਤ ਦੀ ਭੂਮਿਕਾ ਬਾਰੇ ਚਰਚਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਮਾਰਗਦਰਸ਼ਕ ਕਰਦਿਆਂ ਕਿਹਾ ਕਿ ਹਮਦਰਦੀ ਅਤੇ ਜਜ਼ਬਾਤ ਨਾਲ ਇਕ ਕਿੱਤਾਮੁੱਖੀ ਧੰਦਾ ਸ਼ੁਰੂ ਕਰਨਾ ਚਾਹੀਦਾ ਹੈ।
ਇਸ ਮੌਕੇ ਸ੍ਰੀ ਬਿਆਲਾ ਨੇ ਵਿਦਿਆਰਥੀ ਤੋਂ ਉੱਦਮੀ ਬਣਨ ਤੱਕ ਦੇ ਆਪਣੇ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਸਵੈ-ਮਾਣ ਦਾ ਅਹਿਸਾਸ ਕਰਵਾਉਣ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਸਲਾਹਕਾਰ ਕਿਵੇਂ ਲੱਭਣੇ ਹਨ ਅਤੇ ਇਕ ਅਸਲ ਸਲਾਹਕਾਰ ਦੇ ਅਰਥ ਬਾਰੇ ਵੀ ਮਾਰਗਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਹਰ ਸਟਾਰਟ-ਅੱਪ ਵੱਖਰਾ ਹੁੰਦਾ ਹੈ ਅਤੇ ਇਸ ਲਈ ਸਾਨੂੰ ਰਵਾਇਤੀ ਤਰੀਕਿਆਂ ਨਾਲ ਜੁੜੇ ਰਹਿਣ ਦੀ ਬਜਾਏ ਉਸ ਅਨੁਸਾਰ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ।
ਇਸ ਦੌਰਾਨ ਸ੍ਰੀ ਸ਼ਰਮਾ ਨੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕਰਦਿਆਂ ਹਦਾਇਤ ਕੀਤੀ ਕਿ ਸਾਨੂੰ ‘ਡੀ-ਮੋਟੀਵੇਸ਼ਨ’ ਨਾਲ ਕਿਵੇਂ ਨਜਿੱਠਣਾ ਹੈ? ਉਨ੍ਹਾਂ ਨੇ ਜੀਵਨ ’ਚ ਅਸਫਲਤਾਵਾਂ ਦੇ ਪ੍ਰਬੰਧਨ ਬਾਰੇ ਮਾਰਗਦਰਸ਼ਨ ਕੀਤਾ। ਉਨ੍ਹਾਂ ਨੇ ਆਪਣੀਆਂ ਨਵੀਆਂ ਯੋਜਨਾਵਾਂ ਬਾਰੇ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।
ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਲਈ ਇਸ ਤਰ੍ਹਾਂ ਦੇ ਵਿਲੱਖਣ ਅਤੇ ਪ੍ਰੇਰਣਾਦਾਇਕ ਇੰਟਰਐਕਟਿਵ ਸੈਸ਼ਨ ਦੇ ਆਯੋਜਨ ਲਈ ਡਾਇਰੈਕਟਰ ਡਾ. ਮੰਜ਼ੂ ਬਾਲਾ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸ਼ੈਸ਼ਨ ਵਿਦਿਆਰਥੀਆਂ ਨੂੰ ਸਵੈ-ਨਿਰਭਰ ਬਣਨ ਅਤੇ ਇਸ ਸਬੰਧੀ ਗੁਰ ਸਿੱਖਣੇ ਜੀਵਨ ’ਚ ਬਹੁਤ ਸਹਾਈ ਸਿੱਧ ਹੁੰਦੇ ਹਨ।
ਇਸ ਮੌਕੇ ਬੁਲਾਰਿਆਂ ਦੇ ਨਾਲ ਇੰਟਰਐਕਟਿਵ ਸੈਸ਼ਨਾਂ ਤੋਂ ਬਾਅਦ, ਸ਼੍ਰੀ ਪੀ ਪ੍ਰਸ਼ਾਂਤ (ਡਿਪਟੀ ਡੀਨ ਆਈ. ਐਂਡ ਏ., ਆਈ. ਆਈ. ਸੀ. ਪ੍ਰੈਜ਼ੀਡੈਂਟ)) ਨੇ ਸਾਰਿਆਂ ਨੂੰ ਕਾਲਜ ’ਚ ਅਸਿਸਟੈਂਟ ਪ੍ਰੋਫੈਸਰ ਸੀ. ਐਸ. ਈ. ਮਨੀਤ ਕੌਰ ਅਤੇ ਇੰਜ਼. ਸਾਜਨ ਅਨੇਜਾ (ਸਟੂਡੈਂਟ ਅਲੂਮਨੀ) ਦੁਆਰਾ ਚੱਲ ਰਹੇ ਸਟਾਰਟ-ਅੱਪਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਰਿਪਿਨ ਕੋਹਲੀ (ਡੀਨ ਆਰ. ਐਂਡ ਸੀ.) ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਆਯੋਜਨ ਸ: ਹਰਮੀਤ ਸਿੰਘ ਅਤੇ ਆਈ. ਆਈ. ਸੀ. ਸਟੂਡੈਂਟ ਅੰਬੈਸਡਰ ਅਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਅਸ਼ੀਸ਼ ਕੁਮਾਰੀ, ਹਰਮਨਪ੍ਰੀਤ ਕੌਰ, ਨਿਸ਼ਾ ਅਤੇ ਵਿਸ਼ਾਲ ਸਿੰਘ, ਸਵਨੀਤ ਕੌਰ, ਆਰਜ਼ੂ ਅਤੇ ਅਰਸ਼ਦੀਪ ਸਿੰਘ ਦੇ ਤਕਨੀਕੀ ਸਹਿਯੋਗ ਨਾਲ ਕਰਵਾਇਆ ਗਿਆ।























