ਖ਼ਾਲਸਾ ਕਾਲਜ ਇੰਜਨੀਅਰਿੰਗ ਟੈਕਨਾਲੋਜੀ ਨੇ ਨੈਕ ਦੀ ‘ਏ’ ਗ੍ਰੇਡ ਨਾਲ ਮਾਨਤਾ ਕੀਤੀ ਹਾਸਲ
ਅੰਮ੍ਰਿਤਸਰ, 16 ਜੂਨ (ਵਿਸ਼ਵ ਵਾਰਤਾ) ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਨੈਕ) ਵੱਲੋਂ ਗ੍ਰੇਡ ‘ਏ’ ਨਾਲ ਮਾਨਤਾ ਪ੍ਰਾਪਤ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਨੈਕ ਪੀਅਰ ਟੀਮ ਨੇ ਅਕਾਦਮਿਕ ਅਤੇ ਹੋਰ ਸਬੰਧਿਤ ਗਤੀਵਿਧੀਆਂ ਦੇ ਮੁਲਾਂਕਣ ਕਰਨ ਲਈ ਕਾਲਜ ਦਾ ਦੌਰਾ ਕੀਤਾ ਸੀ ਜਿਸ ’ਚੋਂ ਕਾਲਜ ਨੇ ‘ਐਕਰੀਡੇਸ਼ਨ ਸਾਈਕਲ-1’ ਦੀ ਪ੍ਰੀਕ੍ਰਿਆ ’ਚੋਂ ਗੁਜਰਦਿਆਂ ਉਕਤ ਗ੍ਰੇਡ ਹਾਸਲ ਕੀਤਾ।
ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਦੀ ਇਸ ਉਪਲਬੱਧੀ ’ਤੇ ਡਾਇਰੈਕਟਰ ਡਾ. ਮੰਜੂ ਬਾਲਾ ਅਤੇ ਉਨ੍ਹਾਂ ਦੇ ਸਟਾਫ਼ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਹੋਰ ਬੁਲੰਦੀਆਂ ਅਤੇ ਸਫਲਤਾ ਪ੍ਰਾਪਤ ਕਰਨ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਇਹ ਕਾਲਜ ਸਾਲ 2009 ’ਚ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਸਥਾਪਿਤ ਕੀਤਾ ਗਿਆ ਸੀ।
ਇਸ ਮੌਕੇ ਡਾਇਰੈਕਟਰ ਡਾ. ਮੰਜੂ ਬਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੀ ਫੈਕਲਟੀ ਇਸ ਮਾਨਤਾ ਨੂੰ ਹਾਸਲ ਕਰਨ ਲਈ ਪਿਛਲੇ ਇਕ ਸਾਲ ਤੋਂ ਦਿਨ-ਰਾਤ ਮਿਹਨਤ ਕਰ ਰਹੀ ਸੀ ਅਤੇ ਆਖਰਕਾਰ ਨੈਕ ਦੇ ‘ਸਾਈਕਲ-1’ ਦੌਰਾਨ ‘ਏ’ ਗ੍ਰੇਡ ਪ੍ਰਾਪਤ ਕਰਨ ’ਚ ਸਫ਼ਲ ਹੋ ਗਈ। ਉਨ੍ਹਾਂ ਕਿਹਾ ਕਿ ਉਪਰੋਕਤ ਗ੍ਰੇਡ ਕਾਲਜ ਦੇ ਵੱਖ ਵੱਖ ਪਹਿਲੂਆਂ ਜਿਵੇਂ ਕਿ ਪਾਠਕ੍ਰਮ, ਅਧਿਆਪਨ ਦੀ ਪ੍ਰਕਿਰਿਆ, ਰਿਸਰਚ ਐਂਡ ਇਨੋਵੇਸ਼ਨ, ਅਭਿਆਸ ਪ੍ਰੀਕ੍ਰਿਆ, ਪ੍ਰਸ਼ਾਸਨਿਕ ਅਤੇ ਪ੍ਰਬੰਧਨ ਗਤੀਵਿਧੀਆਂ ’ਤੇ ਅਧਾਰਿਤ ਸੀ। ਉਨ੍ਹਾਂ ਨੇ ਆਪਣੇ ਫੈਕਲਟੀ ਅਤੇ ਸਟਾਫ਼ ਨੂੰ ਇਸ ਮਾਨਤਾ ਲਈ ਲਗਾਤਾਰ ਸਖ਼ਤ ਮਿਹਨਤ ਕਰਨ ਲਈ ਵਧਾਈ ਦਿੱਤੀ।






















