ਹਿੰਦੂ ਨੇਤਾ ਸੁਧੀਰ ਸੂਰੀ ਦਾ ਅੰਤਿਮ ਸੰਸਕਾਰ ਅੱਜ ; ਸ਼ਹਿਰ ‘ਚ ਸੁਰੱਖਿਆ ਦੇ ਕੀਤੇ ਗਏ ਹਨ ਸਖ਼ਤ ਪ੍ਰਬੰਧ
ਚੰਡੀਗੜ੍ਹ, 6ਨਵੰਬਰ(ਵਿਸ਼ਵ ਵਾਰਤਾ)-ਅੰਮ੍ਰਿਤਸਰ ‘ਚ ਕਤਲ ਕੀਤੇ ਗਏ ਹਿੰਦੂ ਨੇਤਾ ਸੁਧੀਰ ਸੂਰੀ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12:30 ਵਜੇ ਤੋਂ ਬਾਅਦ ਕੀਤਾ ਜਾਵੇਗਾ। ਸੂਰੀ ਦੀ ਅੰਤਿਮ ਯਾਤਰਾ ਸ਼ਿਵਾਲਾ ਮੰਦਿਰ ਗੇਟ ਨੇੜੇ ਤਿਲਕ ਨਗਰ ਸਥਿਤ ਉਨ੍ਹਾਂ ਦੇ ਘਰ ਤੋਂ ਦੁਰਗਿਆਣਾ ਮੰਦਰ ਤੱਕ ਕੱਢੀ ਜਾਵੇਗੀ।। ਵਰਨਣਯੋਗ ਹੈ ਕਿ ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਪਰਿਵਾਰ ਅੰਤਿਮ ਸੰਸਕਾਰ ਲਈ ਰਾਜ਼ੀ ਹੋ ਗਿਆ। ਪਰਿਵਾਰ ਨੇ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ, ਪਰਿਵਾਰ ਵਿੱਚੋਂ ਇੱਕ ਨੂੰ ਸਰਕਾਰੀ ਨੌਕਰੀ, ਹਿੰਦੂ ਆਗੂਆਂ ਨੂੰ ਸੁਰੱਖਿਆ ਅਤੇ ਅੰਮ੍ਰਿਤਪਾਲ ਸਿੰਘ ਦਾ ਨਾਂ ਐਫਆਈਆਰ ਵਿੱਚ ਦਰਜ ਕਰਨ ਦੀ ਮੰਗ ਕੀਤੀ ਸੀ। ਜਿਸ ਨੂੰ ਡੀਸੀ ਹਰਪ੍ਰੀਤ ਸਿੰਘ ਸੂਦਨ ਅਤੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਸ਼ਾਮ ਕਰੀਬ ਸਾਢੇ ਛੇ ਵਜੇ ਪ੍ਰਵਾਨ ਕੀਤਾ। ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕਰਨ ਦੇ ਐਲਾਨ ਤੋਂ ਬਾਅਦ ਸ਼ਹਿਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਕੁਝ ਸਿੱਖ ਆਗੂਆਂ ਨੂੰ ਕੱਲ੍ਹ ਤੋਂ ਹੀ ਨਜ਼ਰਬੰਦ ਵੀ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਸ਼ਹਿਰ ਦੇ ਕੋਨੇ-ਕੋਨੇ ‘ਚ ਪੁਲਿਸ ਤਾਇਨਾਤ ਕੀਤੀ ਗਈ ਹੈ।























