ਹਿਸਾਰ ਵਿੱਚ ਸਰਪੰਚ ਦੇ ਪੁੱਤਰ ਦਾ ਗੋਲੀ ਮਾਰ ਕੇ ਕਤਲ, 2 ਸਾਥੀ ਵੀ ਜ਼ਖਮੀ
ਚੰਡੀਗੜ੍ਹ 17 ਜਨਵਰੀ(ਵਿਸ਼ਵ ਵਾਰਤਾ)- ਹਰਿਆਣਾ ਦੇ ਹਿਸਾਰ ਦੇ ਹਾਂਸੀ ਨੇੜਲੇ ਪਿੰਡ ਬਡਾਲਾ ਦੇ ਸਰਪੰਚ ਦੇ ਬੇਟੇ ਦੀ ਚਾਰ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਤੋਂ ਬਾਅਦ ਚਾਰੇ ਹਮਲਾਵਰ ਰਾਹਗੀਰ ਦੀ ਗੱਡੀ ਖੋਹ ਕੇ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਪ੍ਰਦੀਪ ਉਰਫ ਕਾਲਾ ਵਜੋਂ ਹੋਈ ਹੈ। ਹਾਦਸੇ ਵਿੱਚ ਮ੍ਰਿਤਕ ਦੇ ਸਾਥੀ ਅਮਿਤ ਅਤੇ ਸੁਨੀਲ ਵੀ ਜ਼ਖ਼ਮੀ ਹੋ ਗਏ।ਮ੍ਰਿਤਕ ਪ੍ਰਦੀਪ ਉਰਫ਼ ਕਾਲਾ ਹਿਸਟਰੀ ਸ਼ੀਟਰ ਸੀ ਅਤੇ ਉਸ ਖ਼ਿਲਾਫ਼ ਕਤਲ ਅਤੇ ਲੁੱਟ-ਖੋਹ ਦੇ ਕਰੀਬ 10 ਕੇਸ ਦਰਜ ਹਨ। ਜਾਣਕਾਰੀ ਅਨੁਸਾਰ ਉਹ ਸਵੇਰੇ ਉਹ ਆਪਣੀ ਕ੍ਰੇਟਾ ਕਾਰ ‘ਚ ਹਾਂਸੀ ਵੱਲ ਜਾ ਰਿਹਾ ਸੀ। ਜਦੋਂ ਉਹ ਜੀਤਪੁਰਾ ਬੱਸ ਸਟੈਂਡ ਨੇੜੇ ਪਹੁੰਚਿਆ ਤਾਂ ਡਸਟਰ ਵਿੱਚ ਸਵਾਰ ਹਮਲਾਵਰਾਂ ਨੇ ਸਾਹਮਣੇ ਤੋਂ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਹਮਲਾਵਰ ਪ੍ਰਦੀਪ ਨੂੰ ਕਾਰ ਤੋਂ ਬਾਹਰ ਲੈ ਗਏ ਅਤੇ ਗੋਲੀਆਂ ਚਲਾ ਦਿੱਤੀਆਂ। ਕਰੀਬ 8 ਤੋਂ 10 ਰਾਉਂਡ ਫਾਇਰ ਕੀਤੇ ਗਏ।ਉਸ ਦੀ ਲਾਸ਼ ਕਾਰ ਦੇ ਬਾਹਰ ਸੜਕ ‘ਤੇ ਮਿਲੀ। ਹਾਦਸੇ ‘ਚ ਪ੍ਰਦੀਪ ਉਰਫ ਕਾਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਸਾਥੀ ਸੁਨੀਲ ਅਤੇ ਅਮਿਤ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਿਸਾਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।






















