ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਗਿਣਤੀ ਜਾਰੀ
ਭਾਜਪਾ ਅਤੇ ਕਾਂਗਰਸ ‘ਚ ਕਰੀਬੀ ਮੁਕਾਬਲਾ
ਚੰਡੀਗੜ੍ਹ 8 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ 68 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ‘ਚ ਕਾਂਗਰਸ ਅਤੇ ਭਾਜਪਾ ਵਿਚਾਲੇ ਕਰੀਬੀ ਟੱਕਰ ਹੈ। ਭਾਜਪਾ 31 ਸੀਟਾਂ ‘ਤੇ ਅੱਗੇ ਹੈ ਜਦਕਿ ਕਾਂਗਰਸ ਨੂੰ 34 ਸੀਟਾਂ ‘ਤੇ ਲੀਡ ਮਿਲੀ ਹੋਈ ਹੈ। ਜਦਕਿ 4 ਸੀਟਾਂ ‘ਤੇ ਆਜ਼ਾਦ ਅਤੇ ਹੋਰ ਉਮੀਦਵਾਰ ਅੱਗੇ ਚੱਲ ਰਹੇ ਹਨ। ਪੰਜਾਬ ਵਿੱਚ ਬਹੁਮਤ ਦੀ ਸਰਕਾਰ ਬਣਾਉਣ ਵਾਲੀ ‘ਆਪ’ ਹਿਮਾਚਲ ਵਿੱਚ ਅਜੇ ਤੱਕ ਖਾਤਾ ਵੀ ਨਹੀਂ ਖੋਲ੍ਹ ਸਕੀ ਹੈ। ਦੱਸ ਦਈਏ ਕਿ 1985 ਤੋਂ ਬਾਅਦ ਸੂਬੇ ਵਿੱਚ ਕੋਈ ਵੀ ਪਾਰਟੀ ਲਗਾਤਾਰ ਦੂਜੀ ਵਾਰ ਆਪਣੀ ਸਰਕਾਰ ਨਹੀਂ ਬਣਾ ਸਕੀ। ਉਦੋਂ ਕਾਂਗਰਸ ਦੀ ਸਰਕਾਰ ਸੀ ਅਤੇ ਵੀਰਭੱਦਰ ਸਿੰਘ ਮੁੱਖ ਮੰਤਰੀ ਸਨ। ਇਸ ਵਾਰ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਕੀ ਇਸ ਵਾਰ ਵੀ ਸਰਕਾਰ ਬਦਲਣ ਦਾ ਰੁਝਾਨ ਜਾਰੀ ਰਹੇਗਾ ਜਾਂ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਦੀ ਮਦਦ ਨਾਲ ਇਸ ਰਿਵਾਜ਼ ਨੂੰ ਬਦਲ ਸਕੇਗੀ।