ਹਿਮਾਚਲ ‘ਚ ਪੰਜ ਸਾਲਾਂ ਬਾਅਦ ਇੱਕ ਵਾਰ ਫਿਰ ਬਦਲਿਆ ਰਾਜ
ਕਾਂਗਰਸ ਨੇ 39 ਸੀਟਾਂ ਜਿੱਤੀਆਂ, ਭਾਜਪਾ 26 ‘ਤੇ; 5 ਮੰਤਰੀ ਵੀ ਹਾਰੇ, CM ਜੈਰਾਮ ਠਾਕੁਰ ਨੇ ਦਿੱਤਾ ਅਸਤੀਫਾ
ਚੰਡੀਗੜ੍ਹ 8 ਦਸੰਬਰ(ਵਿਸ਼ਵ ਵਾਰਤਾ)- ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਗਿਣਤੀ ਜਾਰੀ ਹੈ। ਇਸ ਵਾਰ ਵੀ ਰਾਜ ਬਦਲਣ ਦਾ ਰਿਵਾਜ ਬਦਲਦਾ ਨਜ਼ਰ ਨਹੀਂ ਆ ਰਿਹਾ ਹੈ। ਯਾਨੀ 5 ਸਾਲ ਬਾਅਦ ਸਰਕਾਰ ਬਦਲਣ ਦੀ ਪ੍ਰਕਿਰਿਆ ਇਸ ਵਾਰ ਵੀ ਨਜ਼ਰ ਆ ਰਹੀ ਹੈ। ਰੁਝਾਨਾਂ ‘ਚ ਕਾਂਗਰਸ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਵੱਲ ਵਧ ਰਹੀ ਹੈ।
ਕਾਂਗਰਸ ਪਾਰਟੀ ਹੁਣ ਤੱਕ 35 ਸੀਟਾਂ ‘ਤੇ ਜਿੱਤ ਦਰਜ ਕਰ ਚੁੱਕੀ ਹੈ, ਜਦਕਿ ਉਹ 4 ‘ਤੇ ਅੱਗੇ ਹੈ। ਭਾਜਪਾ ਨੇ 14 ਸੀਟਾਂ ਜਿੱਤੀਆਂ ਹਨ, 12 ‘ਤੇ ਅੱਗੇ ਹੈ। ਦੂਜੇ ਉਮੀਦਵਾਰਾਂ ਨੇ 2 ਸੀਟਾਂ ਜਿੱਤੀਆਂ ਹਨ ਅਤੇ ਇਕ ‘ਤੇ ਅੱਗੇ ਚੱਲ ਰਹੇ ਹਨ। ਐਮਸੀਡੀ ਵਿੱਚ ਜਿੱਤ ਦਰਜ ਕਰਨ ਵਾਲੀ ‘ਆਪ’ ਇੱਥੇ ਖਾਤਾ ਵੀ ਨਹੀਂ ਖੋਲ੍ਹ ਸਕੀ।
ਇੱਥੇ ਦੱਸ ਦੇਈਏ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਚੋਣ ਨਤੀਜਿਆਂ ‘ਤੇ ਉਨ੍ਹਾਂ ਕਿਹਾ- ਅਸੀਂ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਾਂ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਲੀਡਰਸ਼ਿਪ ਦਾ ਪੰਜ ਸਾਲਾਂ ਦੇ ਸਹਿਯੋਗ ਲਈ ਧੰਨਵਾਦ ਕਰਦਾ ਹਾਂ। ਅਸੀਂ ਸੂਬੇ ਦੇ ਵਿਕਾਸ ਲਈ ਹਾਂ-ਪੱਖੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਂਗੇ।