ਹਿਮਾਚਲ ਕਾਂਗਰਸ ਵਿੱਚ ਹੁਣ ਮੁੱਖ ਮੰਤਰੀ ਦੀ ਕੁਰਸੀ ਲਈ ਦੌੜ ਸ਼ੁਰੂ: ਅੱਜ ਸ਼ਿਮਲਾ ‘ਚ ਵਿਧਾਇਕ ਦਲ ਦੀ ਮੀਟਿੰਗ
ਚੰਡੀਗੜ੍ਹ 9 ਦਸੰਬਰ(ਵਿਸ਼ਵ ਵਾਰਤਾ)- ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਕਾਂਗਰਸ ਨੇ ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਸ਼ਿਮਲਾ ਸਥਿਤ ਕਾਂਗਰਸ ਦਫਤਰ ‘ਚ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਅੱਜ ਸ਼ਿਮਲਾ ‘ਚ ਤਾਕਤ ਦਾ ਪ੍ਰਦਰਸ਼ਨ ਕਰਨਗੇ।
ਪ੍ਰਦੇਸ਼ ਕਾਂਗਰਸ ਇੰਚਾਰਜ ਰਾਜੀਵ ਸ਼ੁਕਲਾ, ਆਬਜ਼ਰਵਰ ਭੁਪੇਸ਼ ਬਘੇਲ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੁਪਹਿਰ 12 ਵਜੇ ਤੱਕ ਸ਼ਿਮਲਾ ਪਹੁੰਚ ਜਾਣਗੇ। ਜਿਸ ਤੋਂ ਬਾਅਦ ਕਾਂਗਰਸ ਵੱਲੋਂ ਬਾਅਦ ਦੁਪਹਿਰ 3 ਵਜੇ ਵਿਧਾਇਕ ਦਲ ਦੀ ਮੀਟਿੰਗ ਕੀਤੀ ਜਾਵੇਗੀ। ਇਸ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੀ ਚਰਚਾ ਹੋਵੇਗੀ। ਹਾਈਕਮਾਂਡ ਵੱਲੋਂ ਨਿਯੁਕਤ ਕੀਤੇ ਅਬਜ਼ਰਵਰ ਇਹ ਦੇਖਣਗੇ ਕਿ ਕਿੰਨੇ ਵਿਧਾਇਕ ਕਿਸ ਆਗੂ ਨਾਲ ਹਨ ਅਤੇ ਆਪਣੀ ਰਿਪੋਰਟ ਹਾਈਕਮਾਂਡ ਨੂੰ ਭੇਜਣਗੇ। ਇਸ ਰਿਪੋਰਟ ਦੇ ਆਧਾਰ ‘ਤੇ ਹਾਈਕਮਾਂਡ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ। ਕੱਲ੍ਹ ਕਾਂਗਰਸ ਨੇ ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਵਿਧਾਇਕ ਦਲ ਦੀ ਮੀਟਿੰਗ ਸੱਦੀ ਸੀ। ਲਾਂਕਿ ਦੇਰ ਸ਼ਾਮ ਤੱਕ ਮੀਟਿੰਗ ਸ਼ਿਮਲਾ ਤਬਦੀਲ ਕਰ ਦਿੱਤੀ ਗਈ ਸੀ
ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਆਗੂਆਂ ਨੇ ਬੀਤੀ ਰਾਤ ਮੀਟਿੰਗਾਂ ਕੀਤੀਆਂ। ਪ੍ਰਤਿਭਾ ਸਿੰਘ, ਮੁਕੇਸ਼ ਅਗਨੀਹੋਤਰੀ, ਸੁਖਵਿੰਦਰ ਸਿੰਘ ਸੁੱਖੂ ਆਪੋ-ਆਪਣੀ ਲਾਬਿੰਗ ਵਿੱਚ ਲੱਗੇ ਹੋਏ ਹਨ। ਪਰ ਇਨ੍ਹਾਂ ‘ਤੇ ਸਹਿਮਤੀ ਨਾ ਬਣਨ ਦੀ ਸੂਰਤ ‘ਚ ਹਾਈਕਮਾਂਡ ਕਿਸੇ ਵਿਵਾਦ ਤੋਂ ਬਚਣ ਲਈ ਸ਼ਿਲਈ ਤੋਂ ਹਰਸ਼ਵਰਧਨ ਚੌਹਾਨ, ਜਵਾਲੀ ਤੋਂ ਚੰਦਰ ਕੁਮਾਰ, ਸੋਲਨ ਤੋਂ ਧਨੀਰਾਮ ਸ਼ਾਂਡਿਲ ਦੇ ਨਾਵਾਂ ‘ਤੇ ਵੀ ਸਹਿਮਤੀ ਦੇ ਸਕਦੀ ਹੈ।