ਹਰਿਆਣੇ ਦੇ ਕਿਸਾਨਾਂ ‘ਤੇ ਵਹਿਸ਼ੀ ਪੁਲਿਸ ਅੱਤਿਆਚਾਰ ਵਿਰੁੱੱਧ ‘ਤੇ, ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਪੰਜਾਬ ‘ਚ 56 ਥਾਂਈਂ ਸੜਕਾਂ ਜਾਮ ਅਤੇ 705 ਥਾਂਈਂ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ
ਚੰਡੀਗੜ੍ਹ,29 ਅਗਸਤ : ਬੀਤੇ ਦਿਨ ਕਰਨਾਲ ਲਾਗੇ ਹਰਿਆਣੇ ਦੇ ਭਾਜਪਾ ਮੁੱਖ ਮੰਤਰੀ ਖੱਟੜ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਲਈ ਇਕੱਠੇ ਹੋਏ ਕਿਸਾਨਾਂ ਉੱਤੇ ਕੀਤੇ ਗਏ ਵਹਿਸ਼ੀ ਪੁਲਿਸ ਅੱਤਿਆਚਾਰ ਵਿਰੁੱਧ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਸਾਂਝੇ ਫੈਸਲੇ ਮੁਤਾਬਕ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਵਿੱਚ 56 ਥਾਂਈਂ ਮੁੱਖ ਸੜਕਾਂ ‘ਤੇ 12 ਤੋਂ 2 ਵਜੇ ਤੱਕ ਟ੍ਰੈਫਿਕ ਜਾਮ ਲਾਏ ਗਏ ਅਤੇ 39 ਪੱਕੇ ਧਰਨਿਆਂ ਸਮੇਤ ਪਿੰਡ ਪਿੰਡ 705 ਥਾਂਈਂ ਭਾਜਪਾ ਖੱਟੜ ਹਕੂਮਤ ਦੀਆਂ ਅਰਥੀਆਂ ਫੂਕੀਆਂ ਗਈਆਂ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਪ੍ਰੈੱਸ ਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਨ੍ਹਾਂ ਥਾਂਵਾਂ ‘ਤੇ ਕੁੱਲ ਮਿਲਾ ਕੇ ਦਹਿ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਰਾਂ ਸਮੇਤ ਸ਼ਾਮਲ ਹੋਏ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀ ਤਬਕਿਆਂ ਦੇ ਲੋਕਾਂ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਔਰਤਾਂ ਅਤੇ ਨੌਜਵਾਨ ਵੀ ਸ਼ਾਮਲ ਸਨ।
ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਕੱਤਰ ਹਰਦੀਪ ਸਿੰਘ ਟੱਲੇਵਾਲ, ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਗੁਰਪ੍ਰੀਤ ਕੌਰ ਬਰਾਸ, ਸਰੋਜ ਰਾਣੀ ਦਿਆਲਪੁਰਾ ਅਤੇ ਕੁਲਦੀਪ ਕੌਰ ਕੁੱਸਾ ਤੋਂ ਇਲਾਵਾ ਸਮੂਹ ਜ਼ਿਲ੍ਹਾ ਤੇ ਬਲਾਕ ਪੱਧਰੇ ਆਗੂ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਕਿਵੇਂ ਦਿੱਲੀ ਦੇ ਬਾਰਡਰਾਂ ਉੱਪਰ ਅਤੇ ਸਾਮਰਾਜੀ ਕਾਰਪੋਰੇਟਾਂ ਦੇ ਕਾਰੋਬਾਰ ਥਾਂ ਥਾਂ ਠੱਪ ਕਰੀ ਬੈਠੇ ਜਾਂ ਭਾਜਪਾ ਆਗੂਆਂ ਦੇ ਘਰਾਂ ਅੱਗੇ ਮੌਸਮੀ ਦੁਸ਼ਵਾਰੀਆਂ ਕਾਰਨ ਸੈਂਕੜੇ ਮੌਤਾਂ ਹੋਣ ਦੇ ਬਾਵਜੂਦ ਕ੍ਰਮਵਾਰ 9 ਮਹੀਨਿਆਂ ਅਤੇ 11ਮਹੀਨਿਆਂ ਤੋਂ ਪੱਕੇ ਮੋਰਚਿਆਂ ਵਿੱਚ ਡਟੇ ਹੋਏ ਹਨ। ਥਾਂ-ਥਾਂ ਆਉਣ ਵਾਲੇ ਮੁੱਖ ਭਾਜਪਾ ਆਗੂਆਂ ਦਾ ਸਖ਼ਤ ਵਿਰੋਧ ਵੀ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇੱਥੇ ਖੱਟੜ ਦਾ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਦੇ ਸਿਰ ਪਾੜ ਕੇ ਲਹੂ ਲੁਹਾਣ ਕਰਨ ਦੀ ਇਹ ਸ਼ਰਮਨਾਕ ਜ਼ਾਲਮਾਨਾ ਕਾਰਵਾਈ ਭਾਜਪਾ ਹਕੂਮਤ ਦੀ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਪ੍ਰਤੀ ਕੱਟੜ ਵਫ਼ਾਦਾਰੀ ਅਤੇ ਕਿਸਾਨਾਂ ਪ੍ਰਤੀ ਕੱਟੜ ਦੁਸ਼ਮਣੀ ਦਾ ਸਬੂਤ ਹੋ ਨਿੱਬੜੀ ਹੈ। ਇਸ ਤੋਂ ਵੀ ਵੱਧ ਇਹ ਕਾਰਵਾਈ ਅੰਗਰੇਜ਼ ਸਾਮਰਾਜੀਆਂ ਦੁਆਰਾ ਆਜ਼ਾਦੀ ਦੀ ਲਹਿਰ ਨੂੰ ਕੁਚਲਣ ਦੇ ਮਕਸਦ ਨਾਲ ਸੈਂਕੜੇ ਨਿਹੱਥੇ ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨਣ ਵਾਲ਼ੇ ਜਲ੍ਹਿਆਂਵਾਲਾ ਬਾਗ਼ ਦੇ ਖੂੰਨੀ ਸਾਕੇ ਰਚਾਉਣ ਵਾਲੇ ਸਾਮਰਾਜੀ ਰਸਤੇ ਉੱਤੇ ਚੱਲਣ ਦਾ ਸੰਕੇਤ ਵੀ ਦੇ ਰਹੀ ਹੈ।
ਬੁਲਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਖੱਟੜ ਦੇ ਆਦੇਸ਼ਾਂ ਤਹਿਤ ਪੁਲਿਸ ਨੂੰ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਚਾੜ੍ਹਨ ਵਾਲੇ ਐਸ ਡੀ ਐਮ ਕਰਨਾਲ ਵਿਰੁੱਧ ਅਤੇ ਸਿਰ ਪਾੜਨ ਵਾਲੇ ਪੁਲਿਸ ਅਧਿਕਾਰੀ ਸਮੇਤ ਖੱਟੜ ਵਿਰੁੱਧ ਧਾਰਾ 302 ਤਹਿਤ ਕਤਲ ਕੇਸ ਦਰਜ ਕਰਨ ਅਤੇ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ, ਕਿਉਂਕਿ ਧਰਨਿਆਂ ਦੇ ਸਮਾਪਤ ਹੋਣ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਸਿਰ ਪਾੜੇ ਜਾਣ ਨਾਲ ਜ਼ਖ਼ਮੀ ਹੋਏ ਕਿਸਾਨ ਸੁਸ਼ੀਲ ਕੁਮਾਰ ਕਾਜਲਾ ਦੀ ਮੌਤ ਹੋ ਗਈ ਹੈ। ਇਹ ਮੰਗ ਵੀ ਕੀਤੀ ਗਈ ਕਿ ਹੋਰ ਗੰਭੀਰ ਜ਼ਖ਼ਮੀ ਕਿਸਾਨਾਂ ਦਾ ਸਹੀ ਡਾਕਟਰੀ ਇਲਾਜ ਤੁਰੰਤ ਅਤੇ ਮੁਫ਼ਤ ਕਰਵਾਉਣ ਦੇ ਪੁਖਤਾ ਪ੍ਰਬੰਧ ਵੀ ਕੀਤੇ ਜਾਣ। ਅਜੇ ਵੀ ਕੋਈ ਕਿਸਾਨ ਪੁਲਿਸ ਹਿਰਾਸਤ ਵਿੱਚ ਹੋਣ ਤਾਂ ਉਹ ਤੁਰੰਤ ਰਿਹਾਅ ਕੀਤੇ ਜਾਣ।
ਬੁਲਾਰਿਆਂ ਨੇ ਦਾਅਵਾ ਕੀਤਾ ਕਿ ‘ਜਬੈ ਬਾਣ ਲਾਗੈ ਤਬੈ ਰੋਸ ਜਾਗੈ’ ਦੇ ਮਹਾਂਵਾਕ ਅਨੁਸਾਰ ਇਸ ਫਾਸ਼ੀਵਾਦੀ ਹਮਲੇ ਵਿਰੁੱਧ ਕਿਸਾਨਾਂ ਅੰਦਰ ਹੋਰ ਵੀ ਵੱਡੀ ਪੱਧਰ ‘ਤੇ ਜਾਗਿਆ ਰੋਸ ਅੱਜ ਦੇ ਰੋਹ ਭਰਪੂਰ ਇਕੱਠਾਂ ਵਿੱਚ ਜ਼ੋਰ ਨਾਲ ਜ਼ਾਹਿਰ ਹੋਇਆ ਹੈ।ਇਸ ਰੋਸ ਨੂੰ ਭਾਜਪਾ ਹਕੂਮਤ ਅਤੇ ਸਾਮਰਾਜੀ ਕਾਰਪੋਰੇਟ ਗੱਠਜੋੜ ਵਿਰੁੱਧ ਗੁੱਸੇ ਤੇ ਲੜਾਕੂ ਜੋਸ਼ ਵਿੱਚ ਬਦਲਿਆ ਜਾਵੇਗਾ। ਸਾਰੇ ਪੱਕੇ ਮੋਰਚਿਆਂ ਵਿੱਚ ਲਾਮਬੰਦੀਆਂ ਨੂੰ ਸਿਖਰਾਂ ਤੱਕ ਲਿਜਾ ਕੇ ਇਸ ਜਨਤਕ ਤਾਕਤ ਦੇ ਜ਼ੋਰ ਕਾਲ਼ੇ ਖੇਤੀ ਕਾਨੂੰਨ ਰੱਦ ਕਰਾਉਣ, ਸਾਰੀਆਂ ਫ਼ਸਲਾਂ ਦੇ ਲਾਭਕਾਰੀ ਐਮ ਐਸ ਪੀ ਹਰ ਕਿਸਾਨ ਨੂੰ ਮਿਲਣ ਦੀ ਗਰੰਟੀ ਕਰਨ ਅਤੇ ਜ਼ਮੀਨਾਂ ਦੀ ਨਿਆਈਂ ਵੰਡ ਸਮੇਤ ਕਿਸਾਨਾਂ ਮਜ਼ਦੂਰਾਂ ਦੇ ਭਖਦੇ ਮਸਲੇ ਹੱਲ ਕਰਵਾਏ ਜਾਣਗੇ। ਇਸ ਤਰ੍ਹਾਂ ਹਕੂਮਤੀ ਹੰਕਾਰ ਨੂੰ ਜਨਤਕ ਤਾਕਤ ਦੇ ਜ਼ੋਰ ਮਸਲ ਕੇ ਕਿਸਾਨਾਂ ਦੇ ਡੋਲ੍ਹੇ ਗਏ ਖ਼ੂਨ ਦੇ ਇੱਕ ਇੱਕ ਕਤਰੇ ਦਾ ਹਿਸਾਬ ਲਿਆ ਜਾਵੇਗਾ। ਕਿਸਾਨ ਆਗੂਆਂ ਨੇ ਸਟੇਜਾਂ ਤੋਂ ਐਲਾਨ ਕੀਤਾ ਕਿ ਆਉਂਦੇ ਦਿਨਾਂ ਵਿੱਚ ਪੱਕੇ ਮੋਰਚਿਆਂ ਦੀਆਂ ਲਾਮਬੰਦੀਆਂ ਨੂੰ ਜ਼ਰ੍ਹਬਾਂ ਦਿੰਦੇ ਹੋਏ ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 13 ਸਤੰਬਰ ਨੂੰ ਮੋਤੀ ਮਹਿਲ ਪਟਿਆਲਾ ਦੇ ਘਿਰਾਓ ਪ੍ਰੋਗਰਾਮ ਅਤੇ ਮੁਲਾਜ਼ਮਾਂ ਦੇ 7 ਸਤੰਬਰ ਦੇ ਸੂਬਾਈ ਧਰਨੇ ਦੀ ਭਰਾਤਰੀ ਹਮਾਇਤ ਪਹਿਲਾਂ ਵਾਂਗ ਹੀ ਕੀਤੀ ਜਾਵੇਗੀ।