ਚੰਡੀਗੜ੍ਹ, 28 ਦਸੰਬਰ (ਵਿਸ਼ਵ ਵਾਰਤਾ ) – ਹਰਿਆਣਾ ਪੁਲਿਸ ਨੇ ਇਕ ਲੱਖ ਦੇ ਇਨਾਮੀ ਬਦਮਾਸ਼ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੀਪਕ ਉਰਫ ਟੀਨੂ ਨਾਮਕ ਇਹ ਅਪਰਾਧੀ ਨਾ ਸਿਰਫ ਭਿਵਾਨੀ, ਸਗੋਂ ਹਰਿਆਣਾ, ਰਾਜਸਥਾਨ, ਦਿੱਲੀ, ਪੰਜਾਬ ਤੇ ਚੰਡੀਗੜ੍ਹ ਪੁਲਿਸ ਲਈ ਸਿਰਦਰਦ ਬਣਿਆ ਹੋਇਆ ਸੀ। ਟੀਨੂੰ ਨੂੰ ਪੁਲਿਸ ਨੇ ਬੈਂਗਲੋਰ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਟੀਨੂੰ ‘ਤੇ ਵੱਖ-ਵੱਖ ਸੂਬਿਆਂ ਵਿਚ ਹਤਿਆ, ਲੁਟ, ਡਕੈਤੀ ਤੇ ਫਿਰੌਤੀ ਦੇ 30 ਤੋਂ ਵੀ ਵੱਧ ਮਾਮਲੇ ਦਰਜ ਹਨ। ਟੀਨੂੰ ਪੰਜਾਬ ਦੇ ਲੋਰੇਂਸ ਬਿਸ਼ਨੋਈ ਗੈਂਗ ਦਾ ਸਰਗਰਮ ਮੈਂਬਰ ਹੈ, ਜੋ ਦਹਸ਼ਾਤ ਫੈਲਾ ਕੇ ਖੁਦ ਆਪਣਾ ਗੈਂਗ ਖੜਾ ਕਰਨਾ ਚਾਹੁੰਦਾ ਸੀ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪਿਲਸ ਬੁਲਾਰੇ ਨੇ ਦਸਿਆ ਕਿ ਭਿਵਾਨੀ ਦੇ ਤੇਲੀਵਾੜਾ ਖੇਤਰ ਵਾਸੀ ਟੀਨੂੰ ਸਿਰਫ 23-24 ਸਾਲ ਦਾ ਹੈ। ਕੁਝ ਸਾਲ ਪਹਿਲਾਂ ਇਹ ਪੰਜਾਬ ਦੇ ਲੋਰੇਂਸ ਬਿਸ਼ਨੋਈ ਗੈਂਗ ਦਾ ਮੈਂਬਰ ਬਣਿਆ। ਉਸ ਨੇ ਪੰਜਾਬ ਦੇ ਇਕ ਐਮ.ਸੀ. ਦਾ ਖੂਨ ਕੀਤਾ ਅਤੇ ਫੜੇ ਜਾਣ ‘ਤੇ ਆਪਣੇ ਸਾਥੀਆਂ ਦੀ ਮਦਦ ਨਾਲ ਹਸਪਤਾਲ ਵਿਚ ਮੈਡੀਕਲ ਦੌਰਾਨ ਪੰਚਕੂਲਾ ਪੁਲਿਸ ਨੂੰ ਚਕਮਾ ਦੇ ਕੇ ਜੂਨ, 2017 ਵਿਚ ਫਰਾਰ ਹੋ ਗਿਆ। ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਪੁਲਿਸ ਨੇ ਟੀਨੂੰ ਨੂੰ ਮੋਸਟ ਵਾਂਟੇਡ ਐਲਾਨ ਕੀਤਾ ਸੀ।
ਉਨ੍ਹਾਂ ਦਸਿਆ ਕਿ ਟੀਨੂੰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਨਵੰਬਰ ਨੂੰ ਚਿੜੀਆ ਘਰ ਰੋਡ ਸਥਿਤ ਜਿਮ ਵਿਚ ਬੰਟੀ ਮਾਸਟਰ ਨੂੰ ਗੋਲੀ ਮਾਰ ਕੇ ਹਤਿਆ ਕਰ ਦਿੱਤੀ। ਇਸ ਤੋਂ ਬਾਅਦ ਟੀਨੂੰ ਨੇ 20 ਲੱਖ ਰੁਪਏ ਫਿਰੌਤੀ ਨਾ ਦੇਣ ‘ਤੇ ਮਹਿਮ ਗੇਟ ‘ਤੇ ਖਰੋਲਿਆ ਮੈਡੀਕਲ ਹਾਲ ‘ਤੇ ਦਹਿਸ਼ਤ ਫੈਲਾਉਣ ਲਈ ਗੋਲੀਆਂ ਚਲਾਇਆ, ਜਿਸ ਵਿਚ ਦਵਾਈ ਲੈਣ ਆਇਆ ਇਕ ਨੌਜੁਆਨ ਫੱਟੜ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਐਸ.ਆਈ.ਟੀ ਗਠਤ ਕਰਕੇ ਵਿਸ਼ੇਸ਼ ਡੇਡੀਗੇਟੀਡ ਤਕਨਾਲੋਜੀ ਟੀਮ ਗਠਤ ਕੀਤੀ ਅਤੇ ਟੀਨੂੰ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਟੀਨੂੰ ਨੂੰ ਪੁਲਿਸ ਨੇ ਕਲ ਸਵੇਰੇ ਬੈਂਗਲੋਰ ਤੋਂ ਗ੍ਰਿਫਤਾਰ ਕੀਤਾ। ਪੁਲਿਸ ਨੇ ਉਸ ਦੇ ਇਕ ਹੋਰ ਸਾਥੀ ਦਰਸ਼ਨ, ਵਾਸੀ ਜਿਲਾ ਮੋਹਾਲੀ ਤੋਂ ਗ੍ਰਿਫਤਾਰ ਕੀਤਾ।