ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਹੋਈ ਪੂਰੀ, ਜਲਦ ਆਉਣਗੇ ਜੇਲ੍ਹ ਤੋਂ ਬਾਹਰ
ਅਧਿਆਪਕ ਭਰਤੀ ਘੁਟਾਲੇ ਦੀ ਸਜ਼ਾ ਕੱਟ ਰਹੇ ਸਨ ਓਮਪ੍ਰਕਾਸ਼ ਚੌਟਾਲਾ
ਚੰਡੀਗੜ੍ਹ,23ਜੂਨ(ਵਿਸ਼ਵ ਵਾਰਤਾ)-ਹਰਿਆਣਾ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਓਮਪ੍ਰਕਾਸ਼ ਚੌਟਾਲਾ ਹੁਣ ਜੇਲ੍ਹ ਤੋਂ ਰਿਹਾ ਹੋਣ ਜਾ ਰਹੇ ਹਨ। ਓਮ ਪ੍ਰਕਾਸ਼ ਚੌਟਾਲਾ ਅਧਿਆਪਕ ਭਰਤੀ ਘੁਟਾਲੇ ਵਿੱਚ ਸਜ਼ਾ ਕੱਟ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਓਮ ਪ੍ਰਕਾਸ਼ ਚੌਟਾਲਾ ਦੇ ਵਕੀਲ ਨੂੰ ਉਸਦੀ ਰਿਹਾਈ ਬਾਰੇ ਸੂਚਿਤ ਕਰ ਦਿੱਤਾ ਹੈ ਅਤੇ ਇਸ ਸਬੰਧੀ ਕਾਗਜ਼ੀ ਕਾਰਵਾਈ ਕਰਨ ਲਈ ਕਿਹਾ ਹੈ। ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਓਮ ਪ੍ਰਕਾਸ਼ ਚੌਟਾਲਾ ਨੂੰ ਜੇਲ੍ਹ ਤੋਂ ਰਿਹਾ ਕੀਤਾ ਜਾਵੇਗਾ।
ਕੀ ਹੈ ਅਧਿਆਪਕ ਭਰਤੀ ਘੁਟਾਲਾ ?
ਫਰਵਰੀ 2013 ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਅਜੇ ਚੌਟਾਲਾ ਨੂੰ ਅਤੇ ਤਿੰਨ ਹੋਰ ਸਰਕਾਰੀ ਅਧਿਕਾਰੀਆਂ ਨੂੰ ਵਿਸ਼ੇਸ਼ ਸੀ.ਬੀ.ਆਈ. ਦੀ ਅਦਾਲਤ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਦਿਆਂ ਰਾਜ ਵਿਚ 3,000 ਤੋਂ ਵੱਧ ਅਧਿਆਪਕਾਂ ਦੀ ਗੈਰਕਨੂੰਨੀ ਤੌਰ ਤੇ ਭਰਤੀ ਕਰਨ ਲਈ 10 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਦੱਸ ਦੱਇਏ ਕਿ ਕੇਂਦਰ ਸਰਕਾਰ ਨੇ ਸਾਲ 2018 ਵਿੱਚ ਇੱਕ ਨਵਾਂ ਨਿਯਮ ਲਾਗੂ ਕੀਤਾ ਸੀ, ਜਿਸ ਵਿੱਚ 60 ਸਾਲ ਤੋਂ ਵੱਧ ਉਮਰ ਦੇ ਮਰਦ ਕੈਦੀ, ਜਿਨ੍ਹਾਂ ਨੇ ਆਪਣੀ ਅੱਧੀ ਸਜ਼ਾ ਕੱਟੀ ਹੈ, ਨੂੰ ਵਿਸ਼ੇਸ਼ ਮਾਫੀ ਸਕੀਮ ਤਹਿਤ ਰਿਹਾਅ ਕੀਤਾ ਜਾਵੇਗਾ। ਓਮ ਪ੍ਰਕਾਸ਼ ਚੌਟਾਲਾ ਦੀ ਉਮਰ 86 ਸਾਲ ਹੈ ਅਤੇ ਉਸਨੇ ਆਪਣੀ ਅੱਧੀ ਸਜਾ ਕੱਟ ਲਈ ਹੈ। ਹੁਣ ਉਨ੍ਹਾਂ ਨੂੰ ਇਸ ਵਿਸ਼ੇਸ਼ ਛੂਟ ਦੇ ਤਹਿਤ ਰਿਹਾ ਕੀਤਾ ਜਾਵੇਗਾ।