ਇਸ ਵਾਰ ਵੀ ਵੱਡੇ ਬਾਦਲ ਦੇ ਚਿਹਰੇ ‘ਤੇ ਚੋਣ ਲੜੇਗੀ ਸ਼੍ਰੋਮਣੀ ਅਕਾਲੀ ਦਲ!
ਹਰਸਿਮਰਤ ਬਾਦਲ ਨਾਲ ਲੰਬੀ ਹਲਕੇ ਦੇ ਪਿੰਡਾਂ ਵਿੱਚ ਨਜ਼ਰ ਆਏ ਪ੍ਰਕਾਸ਼ ਸਿੰਘ ਬਾਦਲ
ਚੰਡੀਗੜ੍ਹ,20 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧ ਵਿੱਚ ਹੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਸਸਪੈਂਸ ਬਰਕਰਾਰ ਹੈ। ਹਾਲਾਂਕਿ ਅਕਾਲੀ ਵੱਲੋਂ ਲਗਭਗ ਇਹ ਤੈਅ ਹੀ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਇਸ ਵਾਰ ਅਕਾਲੀ ਦਲ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ। ਪਰ,ਇਸ ਵਿਚਕਾਰ ਹੀ ਅੱਜ ਸੁਖਬੀਰ ਬਾਦਲ ਦੇ ਧਰਮ ਪਤਨੀ ਹਰਸਿਮਰਤ ਬਾਦਲ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਾਲ ਲੈ ਕੇ ਹਲਕਾ ਲੰਬੀ ਵਿੱਚ ਘੁੰਮਦੇ ਨਜ਼ਰ ਆਏ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਵਾਰ ਫਿਰ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਲੜਨ ਦਾ ਐਲਾਨ ਕਰਨ ਦੀ ਅਪੀਲ ਕਰਨ। ਇਸ ਤੋਂ ਇਲਾਵਾ ਉਹਨਾਂ ਨੇ ਵੱਡੇ ਬਾਦਲ ਨੂੰ ਪੰਜਾਬ ਦੇ ਸੁਪਰ ਸੀਐਮ ਬਣਾਉਣ ਦੀ ਗੱਲ ਵੀ ਕਹੀ। ਹਾਲਾਂਕਿ ਪਾਰਟੀ ਅਤੇ ਖੁਦ ਪ੍ਰਕਾਸ਼ ਸਿੰਘ ਬਾਦਲ ਨੇ ਚੋਣ ਲੜਨ ਅਤੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਤਰਨ ਦੀ ਕੋਈ ਘੋਸ਼ਣਾ ਨਹੀਂ ਕੀਤੀ ਹੈ। ਪਰ,ਅੱਜ ਦੀਆਂ ਇਹਨਾਂ ਸਰਗਰਮੀਆਂ ਤੋਂ ਬਾਅਦ ਇਹ ਕਿਆਸੇ ਲੱਗਣੇ ਜਰੂਰ ਸ਼ੁਰੂ ਹੋ ਗਏ ਹਨ,ਕਿ ਕੀ ਅਕਾਲੀ ਦਲ ਇਸ ਵਾਰ ਦੀਆਂ ਚੋਣਾਂ ਵੀ ਪ੍ਰਕਾਸ਼ ਸਿੰਘ ਬਾਦਲ ਦੇ ਚਿਹਰੇ ਤੇ ਹੀ ਲੜੇਗੀ?






















