ਭਾਕਿਯੂ (ਡਕੌਂਦਾ) ਵਲੋਂ ਲਗਾਤਾਰ ਘਿਰਾਓ ਕਰਨ ਦਾ ਐਲਾਨ
ਮਾਨਸਾ 10 ਨਵੰਬਰ( ਵਿਸ਼ਵ ਵਾਰਤਾ )-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਹੈ ਕਿ ਬਠਿੰਡਾ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਅੱਜ ਦੀ ਫਿਰੋਜ਼ਪੁਰ ਵਾਲੀ ਘਟਨਾ ਤੋਂ ਬਾਅਦ ਹੁਣ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਜਾਣ ‘ਤੇ ਲਗਾਤਾਰ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੀਬੀ ਬਾਦਲ ਵਲੋਂ ਜਿੰਨ੍ਹਾਂ ਚਿਰ ਇਸ ਘਟਨਾ ਸਬੰਧੀ ਕਿਸਾਨ ਆਗੂਆਂ ਦੀ ਜਵਾਬ ਵਿੱਚ ਤਸੱਲੀ ਨਹੀਂ ਕਰਵਾਈ ਜਾਂਦੀ, ਉਨ੍ਹਾਂ ਚਿਰ ਤੱਕ ਲਗਾਤਾਰ ਵਿਰੋਧ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਇਸ ਘਟਨਾ ਨੂੰ ਲਖੀਮਪੁਰ ਖੀਰੀ ਵਰਗੀ ਘਟਨਾ ਦੱਸਿਆ ਹੈ।
ਇਸੇ ਦੌਰਾਨ ਹੀ ਐਡਵੋਕੇਟ ਬਲਵੀਰ ਸਿੰਘ ਸਿੱਧੂ ਨੇ ਜਾਰੀ ਕੀਤੇ ਵੱਖਰੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਅਕਾਲੀ ਦਲ ਆਗ ਹਰਸਿਮਰਤ ਕੌਰ ਬਾਦਲ ਤੋਂ ਜਵਾਬ – ਸਵਾਲ ਲੈਂਦੇ ਹੋਏ ਭਾਕਿਯੂ ਡਕੌਂਦਾ ਦੇ ਆਗੂ ਹਰਨੇਕ ਸਿੰਘ ਮਹਿਮਾ ਉਪਰ ਹਮਲਾ ਕੀਤਾ ਗਿਆ ਅਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ। ਉਨ੍ਹਾ ਨਿਖੇਧੀ ਕਰਦਿਆਂ ਕਿਹਾ ਕਿ ਕੱਲ੍ਹ 11 ਨਵੰਬਰ ਨੂੰ ਮਾਨਸਾ ਜਿਲੇ ਦਾ ਭਾਰੀ ਇਕੱਠ ਭਾਈ ਦੇਸੇ ਬੱਸ ਸਟੈਂਡ ਤੇ ਰੱਖਿਆ ਗਿਆ ਹੈ ਅਤੇ ਸਾਰੇ ਜ਼ਿਲ੍ਹੇ ਮਾਨਸਾ ਦੇ ਆਗੂਆਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਪਹੁੰਚਣ ਅਤੇ ਬੀਬੀ ਬਾਦਲ ਨੂੰ ਇਸ ਹਮਲੇ ਸਬੰਧੀ ਸਵਾਲ ਪੁੱਛਣ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਮਾਨਸਾ ਜ਼ਿਲ੍ਹੇ ਵਿੱਚ ਅੰਦਰ ਨਹੀਂ ਆਉਣ ਦੇਵਾਂਗੇ, ਚਾਹੇ ਕੁਝ ਵੀ ਕੁਰਬਾਨੀਆਂ ਕਰਨੀਆਂ ਪੈਣ ।
ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ ਨੂੰ ਸਾਢੇ ਨੌਂ ਵਜੇ ਨੂੰ ਭਾਈ ਦੇਸੇ ਬੱਸ ਅੱਡੇ ਪਹੁੰਚਣ।






















