-ਫਾਜ਼ਿਲਕਾ ਦੀ ਦਾਣਾ ਮੰਡੀ ਵਿਚ ਸਿੱਖਿਆ ਦਾ ਚਾਣਨ ਵੰਡਦਾ ਹੈ ਇਕ ਅਨੋਖਾ ਸਕੂਲ
-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਸਿੱਖਿਆ ਪ੍ਰਸਾਰ ਲਈ ਆਰੰਭਿਆ ਇਕ ਹੋਰ ਪ੍ਰੋਜੈਕਟ
ਫਾਜ਼ਿਲਕਾ, 17 ਜਨਵਰੀ (ਵਿਸ਼ਵ ਵਾਰਤਾ): ਪ੍ਰੀਤੀ ਅਤੇ ਪੂਜਾ ਦਾ ਸੁਪਨਾ ਡਾਕਟਰ ਬਣਨ ਦਾ ਹੈ ਜਦ ਕਿ ਰੀਮਾ ਹਿੰਦੀ ਅਧਿਆਪਕ ਬਣਨਾ ਲੋਚਦੀ ਹੈ, ਪਰ ਜਿਸ ਤਰਾਂ ਦੇ ਮਹੌਲ ਵਿਚ ਉਨ੍ਹਾਂ ਦਾ ਬਚਪਨ ਬੀਤ ਰਿਹਾ ਹੈ ਉਸ ਨੂੰ ਵੇਖ ਕੇ ਉਨ੍ਹਾਂ ਦੇ ਮੈਟ੍ਰਿਕ ਪਾਸ ਕਰ ਲੈਣਾ ਵੀ ਵੱਡੀ ਗਲ ਜਾਪਦਾ ਹੈ। ਪਰ ਹੁਣ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਇੰਨ੍ਹਾਂ ਹਨੇਰਿਆਂ ਵਿਚ ਰਹਿ ਰਹੀਆਂ ਕੱਚੀਆਂ ਕਰੂੰਬਲਾਂ ਦੇ ਵੱਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਕ ਨਵੀਂ ਪਹਿਲ ਕਦਮੀ ਕੀਤੀ ਹੈ। ਉਨ੍ਹਾਂ ਦੇ ਇਸ ਪ੍ਰੋਜੈਕਟ ਨਾਲ ਰਮਨ ਖੁਰਾਣਾ ਵਰਗੇ ਕੁਝ ਅਧਿਆਪਕਾਂ ਨੇ ਵੀ ਅੱਗੇ ਆ ਕੇ ਯੋਗਦਾਨ ਪਾਉਣ ਦਾ ਨਿਸ਼ਚੇ ਕਰ ਲਿਆ ਹੈ।
ਝੁਗੀਆਂ ਝੋਪੜੀਆਂ ਵਿਚ ਰਹਿਣ ਵਾਲੇ ਪਰਿਵਾਰਾਂ ਦੇ ਬੱਚਿਆਂ ਲਈ ਇਸ ਨਵੇਂ ਸਾਲ ਦੀ ਪਹਿਲੀ ਤਾਰੀਖ਼ ਤੋਂ ਇਕ ਆਸ ਦੀ ਨਵੀਂ ਕਿਰਨ ਰੌਸ਼ਨ ਹੋਈ ਹੈ। ਫਾਜ਼ਿਲਕਾ ਦੀ ਅਨਾਜ ਮੰਡੀ ਵਿਚ ਅਜਿਹੇ ਹੀ ਬੱਚਿਆਂ ਲਈ ਹਰ ਰੋਜ ਸ਼ਾਮ 3:30 ਤੋਂ 5 ਵਜੇ ਤੱਕ ਇਕ ਨਿਵੇਕਲਾ ਸਕੂਲ ਚਲਦਾ ਹੈ ਜਿੱਥੇ ਰਮਨ ਖੁਰਾਣਾ ਅਤੇ ਉਨ੍ਹਾਂ ਦੇ ਕੁਝ ਸਾਥੀ ਅਧਿਆਪਕ ਅਤੇ ਬੀ.ਐਡ. ਕਰ ਰਹੇ ਸਿਖਾਂਦਰੂ ਅਧਿਆਪਕ ਇੰਨ੍ਹਾਂ ਬੱਚਿਆਂ ਦੇ ਵੱਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੂੰ ਪੜਾਉਂਦੇ ਹਨ।
ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆਂ ਆਖਦੇ ਹਨ ਕਿ ਇੰਨ੍ਹਾਂ ਬੱਚਿਆਂ ਦੇ ਪਰਿਵਾਰਾਂ ਵਿਚ ਸਿੱਖਿਆ ਲਈ ਕੋਈ ਸਾਰਥਕ ਮਹੌਲ ਨਹੀਂ ਮਿਲਦਾ ਕਿਉਂਕਿ ਇੰਨ੍ਹਾਂ ਦੇ ਘਰਾਂ ਵਿਚ ਕੋਈ ਵੀ ਪੜ੍ਹਿਆ ਲਿਖਿਆ ਨਹੀਂ ਹੈ। ਇਸ ਲਈ ਇਹ ਬੱਚੇ ਜਦ ਸਕੂਲ ਤੋਂ ਘਰ ਆਉਂਦੇ ਹਨ ਤਾਂ ਫਿਰ ਇੰਨ੍ਹਾਂ ਨੂੰ ਪੜ੍ਹਾਈ ਲਈ ਮਹੌਲ ਨਹੀਂ ਮਿਲਦਾ। ਇਸ ਲਈ ਇੰਨ੍ਹਾਂ ਨੂੰ ਪੜਾਈ ਲਈ ਸਾਰਥਕ ਮਹੌਲ ਮੁਹੱਈਆ ਕਰਵਾਉਣ ਲਈ ਸ਼ਾਮ ਸਮੇਂ ਇਹ ਸਕੂਲ ਚਲਾਇਆ ਜਾਂਦਾ ਹੈ। ਇੱਥੇ ਬੱਚਿਆਂ ਨੂੰ ਖੇਡ ਵਿਧੀ ਨਾਲ ਪੜਾਉਣ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ ਅਤੇ ਇੰਨ੍ਹਾਂ ਬੱਚਿਆਂ ਨੂੰ ਜ਼ਿੰਦਗੀ ਦੀਆਂ ਰੋਜਮਰਾਂ ਦੀ ਮੁਸ਼ਕਿਲਾਂ ਤੱਕ ਪਹੁੰਚਾਉਣ ਲਈ ਲਗਾਤਾਰ ਉਤਸਾਹ ਵਰਧਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।
ਅੱਜ ਇੱਥੇ ਡਿਪਟੀ ਕਮਿਸ਼ਨਰ ਨੇ ਇੰਨ੍ਹਾਂ ਬੱਚਿਆਂ ਨਾਲ ਕੁਝ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸਾਸ਼ਨ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਹੁੰਦਾ ਵੇਖਣ ਲਈ ਇੰਨ੍ਹਾਂ ਬੱਚਿਆਂ ਦੀ ਹਰ ਮਦਦ ਕਰੇਗਾ। ਉਨ੍ਹਾਂ ਨੇ ਇੰਨ੍ਹਾਂ ਬੱਚਿਆਂ ਨੂੰ ਸਾਦਕੀ ਬਾਰਡਰ ਤੇ ਰੀਟਰੀਟ ਦੀ ਰਸਮ ਵਿਖਾਉਣ ਦਾ ਐਲਾਣ ਵੀ ਕੀਤਾ ਅਤੇ ਇੰਨ੍ਹਾਂ ਦੀਆਂ ਕਲਾਤਮਕ ਰੁਚੀਆਂ ਦੇ ਪ੍ਰਗਟਾਵੇ ਲਈ ਚਿੱਤਰਕਲਾ ਸਬੰਧੀ ਸਮੱਗਰੀ ਮੁਹਈਆ ਕਰਵਾਉਣ ਦੀ ਗੱਲ ਵੀ ਆਖੀ।