ਸੰਸਦ ਤੋਂ ਲੈ ਕੇ ਅਮਰੀਕਾ ਦੇ ਸ਼ੇਅਰ ਬਾਜ਼ਾਰ ਤੱਕ ਦਿੱਖਿਆ ਹਿੰਡਨਬਰਗ ਰਿਪੋਰਟ ਦਾ ਅਸਰ
ਅਡਾਨੀ ਗੁਰੱਪ ਦੇ ਸ਼ੇਅਰਾਂ ਵਿੱਚ ਲਗਾਤਾਰ ਭਾਰੀ ਗਿਰਾਵਟ
ਗੁਆਂਢੀ ਦੇਸ਼ ਬੰਗਲਾਦੇਸ਼ ਦੀ ਸਰਕਾਰ ਵੀ ਅਡਾਨੀ ਗਰੁੱਪ ਤੋਂ ਖਫ਼ਾ
ਚੰਡੀਗੜ੍ਹ 3 ਫਰਵਰੀ(ਵਿਸ਼ਵ ਵਾਰਤਾ)-ਅਡਾਨੀ ਗਰੁੱਪ ‘ਤੇ ਹਿੰਡਨਬਰਗ ਦੀ ਰਿਪੋਰਟ ਨੂੰ ਲੈ ਕੇ ਸੰਸਦ ਤੋਂ ਲੈ ਕੇ ਸ਼ੇਅਰ ਬਾਜ਼ਾਰ ਤੱਕ ਹਲਚਲ ਮਚ ਗਈ ਹੈ।ਇਸ ਸਮੇਂ ਬਜਟ ਇਜਲਾਸ ਚੱਲ ਰਿਹਾ ਹੈ। ਇਸੇ ਦੌਰਾਨ ਵਿਰੋਧੀ ਧਿਰ ਅਡਾਨੀ ਗਰੁੱਪ ‘ਤੇ ਲੱਗੇ ਦੋਸ਼ਾਂ ਦੀ ਜਾਂਚ ਦੀ ਮੰਗ ‘ਤੇ ਅੜੀ ਹੋਈ ਹੈ। ਅੱਜ ਸੰਸਦ ‘ਚ ਇਸ ਮੁੱਦੇ ਨੂੰ ਲੈ ਕੇ ਹੰਗਾਮਾ ਹੋਇਆ।ਜਿਸ ਤੋਂ ਬਾਅਦ ਲੋਕ ਸਭਾ ਦੁਪਹਿਰ 2 ਵਜੇ ਤੱਕ ਅਤੇ ਰਾਜ ਸਭਾ ਦੀ ਕਾਰਵਾਈ 2.30 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਧਿਰ ਸੁਪਰੀਮ ਕੋਰਟ ਦੀ ਅਗਵਾਈ ਹੇਠ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਜਾਂਚ ਕਮੇਟੀ ਬਣਾਉਣ ਦੀ ਮੰਗ ਕਰ ਰਹੀ ਹੈ।
ਇਸ ਦੌਰਾਨ ਅੱਜ ਸਵੇਰੇ ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰ 35 ਫੀਸਦੀ ਡਿੱਗ ਗਏ। ਇਕ ਸ਼ੇਅਰ ਦੀ ਕੀਮਤ 1000 ਰੁਪਏ ਦੇ ਕਰੀਬ ਪਹੁੰਚ ਗਈ ਹੈ। ਰਿਪੋਰਟ ਆਉਣ ਤੋਂ ਪਹਿਲਾਂ ਇੱਕ ਸ਼ੇਅਰ ਦੀ ਕੀਮਤ 3500 ਰੁਪਏ ਦੇ ਕਰੀਬ ਸੀ। ਇਸ ਤਰ੍ਹਾਂ 9 ਦਿਨਾਂ ‘ਚ ਕੰਪਨੀ ਦਾ ਸਟਾਕ 70 ਫੀਸਦੀ ਤੱਕ ਡਿੱਗ ਗਿਆ ਹੈ। ਅਮਰੀਕਾ ਦੇ ਸਟਾਕ ਐਕਸਚੇਂਜ ਡਾਓ ਜੋਂਸ ਨੇ ਵੀ ਅਡਾਨੀ ਇੰਟਰਪ੍ਰਾਈਜਿਜ਼ ਨੂੰ ਸਸਟੇਨੇਬਿਲਟੀ ਇੰਡੈਕਸ ਤੋਂ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਰਿਪੋਰਟ ਆਉਣ ਤੋਂ ਪਹਿਲਾਂ ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ ਦੁਨੀਆ ਦੇ ਚੋਟੀ ਦੇ ਤਿੰਨ ਅਮੀਰ ਬੰਦਿਆਂ ਵਿੱਚ ਸ਼ਾਮਿਲ ਸਨ। ਹੁਣ ਉਹ ਦੁਨੀਆ ਦੇ 20 ਸਭ ਤੋਂ ਅਮੀਰ ਬੰਦਿਆਂ ਦੀ ਲਿਸਟ ਵਿੱਚੋਂ ਬਾਹਰ ਹੋ ਗਏ ਹਨ। ਇਸ ਦੇ ਨਾਲ ਹੀ ਗੁਆਂਢੀ ਦੇਸ਼ ਬੰਗਲਾਦੇਸ਼ ਦੀ ਸਰਕਾਰ ਨੇ ਊਰਜਾ ਖੇਤਰ ਵਿੱਚ ਅਡਾਨੀ ਸਮੂਹ ਨਾਲ ਹੋਏ ਸੌਦੇ ਵਿੱਚ ਸੋਧ ਦੀ ਮੰਗ ਕੀਤੀ ਹੈ। ਬੰਗਲਾਦੇਸ਼ ਸਰਕਾਰ ਦਾ ਕਹਿਣਾ ਹੈ ਕਿ ਬਿਜਲੀ ਦੀਆਂ ਕੀਮਤਾਂ ਜ਼ਿਆਦਾ ਹਨ, ਉਨ੍ਹਾਂ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਵੀ ਇਸ ਮੁੱਦੇ ਤੇ 6 ਫਰਵਰੀ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।